ਨਵਦੀਪ ਢੀਂਗਰਾ, ਪਟਿਆਲਾ : ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭਾਰਤ ਸਰਕਾਰ ਦੇ ਆਮਦਨ ਤੇ ਕਰ ਵਿਭਾਗ ਵੱਲੋਂ ਆਮਦਨ ਕਰ ਦੀ 'ਧਾਰਾ 80- ਜੀ' ਵਾਲੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਇਸ ਸੂਚੀ ਵਿਚ ਸ਼ਾਮਲ ਹੋਣ 'ਤੇ ਹੁਣ ਜੇਕਰ ਕੋਈ ਵੀ ਸੁਭਚਿੰਤਕ ਯੂਨੀਵਰਸਿਟੀ ਨੂੰ ਦਾਨ ਰਾਸ਼ੀ ਪ੍ਰਦਾਨ ਕਰੇਗਾ ਤਾਂ ਉਸ ਨੂੰ ਸਬੰਧਤ ਰਾਸੀ 'ਤੇ ਆਮਦਨ ਕਰ ਛੋਟ (ਟੈਕਸ ਰਿਬੇਟ) ਪ੍ਰਾਪਤ ਹੋਵੇਗੀ।

ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਨੇ ਦੱਸਿਆ ਕਿ ਅਜਿਹਾ ਹੋਣ ਨਾਲ ਨਿਸ਼ਚੇ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਫਾਇਦਾ ਹੋਵੇਗਾ ਕਿਉਂਕਿ ਸਭ ਸ਼ੁਭਚਿੰਤਕਾਂ ਨੂੰ ਸਹਾਇਤਾ ਦੇਣ ਲਈ ਹੋਰ ਉਤਸ਼ਾਹ ਪ੍ਰਰਾਪਤ ਹੋਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਦੇਸ਼ ਤੇ ਵਿਦੇਸ਼ 'ਚ ਵਸਦੇ ਯੂਨੀਵਰਸਿਟੀ ਦੇ ਸ਼ੁਭਚਿੰਤਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਪੰਜਾਬੀ ਮਾਂ ਬੋਲੀ ਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ਾਨਦਾਰ ਇਤਿਹਾਸਕ ਕਾਰਜ ਕਰਨ ਵਾਲੀ ਇਸ ਯੂਨੀਵਰਸਿਟੀ ਦੀ ਵਿੱਤੀ ਪੱਖ ਤੋਂ ਬਿਹਤਰੀ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਮਾਂ ਬੋਲੀ, ਸਾਹਿਤ, ਕਲਾ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਨਾਲ ਨਾਲ ਬਾਕੀ ਵਿਸ਼ਿਆਂ 'ਚ ਵੀ ਉੱਚ ਪੱਧਰ ਦੀ ਸਿੱਖਿਆ ਤੇ ਖੋਜ ਰਾਹੀਂ ਉੱਚ ਕੋਟੀ ਦਾ ਕਾਰਜ ਹੋ ਰਿਹਾ ਹੈ। ਹੁਣੇ-ਹੁਣੇ ਜੂਨ 2020 ਦੌਰਾਨ ਯੂਨੀਵਰਸਿਟੀ ਨੇ ਨਿਰਫ ਰੈਂਕਿੰਗ ਵਿਚ 64ਵਾਂ ਸਥਾਨ ਹਾਸਿਲ ਕਰ ਕੇ ਦੇਸ਼ ਦੀਆਂ ਸਰਵੋਤਮ ਸੌ ਯੂਨੀਵਰਸਿਟੀਆਂ ਵਿਚ ਸ਼ੁਮਾਰ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਲਈ ਸਾਨੂੰ ਸਭ ਨੂੰ ਇਸ ਅਦਾਰੇ ਦੀ ਬੇਹਤਰੀ ਲਈ ਆਪੋ-ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਨੇ ਦੱਸਿਆ ਕਿ ਇਸ ਸਬੰਧੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਨੂੰ ਲਿਖਿਆ ਗਿਆ ਸੀ, ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇਸ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਰਜਿਸਟਰਾਰ ਡਾ. ਦੇਵਿੰਦਰਪਾਲ ਸਿੰਘ ਸਿੱਧੂ ਤੇ ਵਿੱਤ ਅਫਸਰ ਡਾ. ਰਾਕੇਸ ਕੁਮਾਰ ਖੁਰਾਣਾ ਨੇ ਦੱਸਿਆ ਕਿ ਆਮਦਨ ਕਰ ਸਬੰਧੀ ਵਿਭਾਗ ਵੱਲੋਂ ਇਸ ਸਬੰਧੀ ਲਿਖਤੀ ਆਗਿਆ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਹਾਇਤਾ ਦੇਣ ਦੇ ਚਾਹਵਾਨ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖਾਤੇ ਵਿਚ ਰਾਸੀ ਭੇਜ ਕੇ ਆਪਣਾ ਯੋਗਦਾਨ ਪਾ ਸਕਦੇ ਹਨ।