ਸੁਰੇਸ਼ ਕਾਮਰਾ, ਪਟਿਆਲਾ : ਸ਼ਹਿਰ ਦੇ ਕਰਮਜੀਤ ਸਿੰਘ ਆਪਣੀ ਧੀ ਦੇ ਵਿਆਹ ’ਤੇ ਅਨੋਖੀ ਪਹਿਲ ਕਰਨ ਵਾਲੇ ਹਨ। ਉਹ ਵਿਆਹ ਸਮਾਗਮ ਦੌਰਾਨ ਥੈਲੇਸੀਮੀਆ ਪੀੜਤ ਬੱਚਿਆਂ ਲਈ ਖ਼ੂਨਦਾਨ ਕੈਂਪ ਲਗਾਉਣਗੇ। ਇਸ ’ਚ ਉਨ੍ਹਾਂ ਤੋਂ ਇਲਾਵਾ ਵਿਆਹ ’ਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਖ਼ੂਨ ਦਾਨ ਕਰਨਗੇ। ਉਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਦਾ ਵਿਆਹ ਸੋਮਵਾਰ ਨੂੰ ਹੋਵੇਗਾ। ਪੇਸ਼ੇ ਤੋਂ ਠੇਕੇਦਾਰ ਕਰਮਜੀਤ ਸਿੰਘ ਹਾਲੇ ਤਕ 76 ਵਾਰ ਖ਼ੂਨ ਦਾਨ ਕਰ ਚੁੱਕੇ ਹਨ।

ਉਹ 77ਵੀਂ ਵਾਰ ਖ਼ੂਨ ਦਾਨ ਕਰਨਗੇ। ਖ਼ੂਨਦਾਨ ਕਰਨ ਦੇ ਇੱਛੁਕ 50 ਲੋਕਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ। ਖ਼ੂਨਦਾਨ ਕੈਂਪ ਮੈਰਿਜ ਪੈਲੇਸ ਵਿਚ ਹੀ ਲਗਾਇਆ ਜਾਵੇਗਾ। ਇਸ ਵਿਚ ਲਾੜੀ ਤੇ ਲਾੜੇ ਦੋਵਾਂ ਧਿਰਾਂ ਦੇ ਲੋਕਾਂ ਵੱਲੋਂ ਖ਼ੂਨ ਦਾਨ ਕੀਤਾ ਜਾਵੇਗਾ। ਇਸ ਦੇ ਲਈ ਮੈਡੀਕਲ ਕਾਲਜ ਦੀ ਟੀਮ ਵਿਸ਼ੇਸ਼ ਰੂਪ ਵਿਚ ਮੌਜੂਦ ਰਹੇਗੀ। ਕੁਝ ਸਵੈਸੇਵੀ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਬਿਲਡਿੰਗ ਕੰਸਟ੍ਰਕਸ਼ਨ ਦਾ ਕੰਮ ਕਰਨ ਵਾਲੇ ਕਰਮਜੀਤ ਸਿੰਘ ਦੀ ਧੀ ਗੁਰਪ੍ਰੀਤ ਕੌਰ ਇੰਜੀਨੀਅਰ ਹੈ। ਉਸ ਦੇ ਹੋਣ ਵਾਲੇ ਪਤੀ ਨਵਦੀਪ ਸਿੰਘ ਕੈੇਨੇਡਾ ’ਚ ਆਪਣਾ ਕਾਰੋਬਾਰ ਕਰਦੇ ਹਨ। ਉਹ ਮੂਲ ਰੂਪ ਵਿਚ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਹਨ।

ਖ਼ੁਸ਼ੀ ਦੇ ਮੌਕੇ ਲੋਕਾਂ ਨੂੰ ਖ਼ੂਨ ਦਾਨ ਕਰਨ ਦੀ ਪ੍ਰੇਰਨਾ ਦੇਣਾ ਉਦੇਸ਼

ਇਸ ਮੌਕੇ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਆਪਣੇ ਘਰ ’ਚ ਹੋਣ ਵਾਲੇ ਪਹਿਲੇ ਵਿਆਹ ’ਤੇ ਥੈਲੇਸੀਮੀਆ ਪੀੜਤ ਬੱਚਿਆਂ ਲਈ ਖ਼ੂਨਦਾਨ ਕੈਂਪ ਜ਼ਰੂਰ ਲਗਾਉਣਗੇ। ਉਨ੍ਹਾਂ ਦਾ ਉਦੇਸ਼ ਹੈ ਕਿ ਲੋਕਾਂ ਨੂੰ ਖ਼ੁਸ਼ੀ ਦੇ ਮੌਕੇ ਖ਼ੂੁਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਵਿਆਹ ਸਮਾਗਮ ਭਾਦਸੋਂ ਰੋਡ ’ਤੇ ਇਕ ਪੈਲੇਸ ’ਚ ਹੋਵੇਗਾ। ਉਨ੍ਹਾਂ ਲੜਕੇ ਧਿਰ ਨਾਲ ਗੱਲਬਾਤ ਕਰਕੇ ਵਿਆਹ ਵਾਲੀ ਜਗ੍ਹਾ ’ਤੇ ਖ਼ੂੁਨਦਾਨ ਕੈਂਪ ਲਗਵਾਉਣ ਦੀ ਵਿਵਸਥਾ ਕੀਤੀ ਹੈ।

ਪੰਜਾਬ ’ਚ ਇਕ ਹਜ਼ਾਰ ਤੋਂ ਵੱਧ ਥੈਲੇਸੀਮੀਆ ਪੀੜਤ ਬੱਚੇ

ਪਟਿਆਲਾ ਥੈਲੇਸੀਮੀਆ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਜੇ ਪਾਹਵਾ ਨੇ ਦੱਸਿਆ ਕਿ ਸੂਬੇ ਵਿਚ ਤਿੰਨ ਕਾਲਜਾਂ ਵਿਚ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਖ਼ੂਨ ਚੜ੍ਹਾਇਆ ਜਾਂਦਾ ਹੈ। ਇਸ ਵਿਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਮੈਡੀਕਲ ਕਾਲਜ ਫਰੀਦਕੋਟ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਸ਼ਾਮਲ ਹਨ।

ਸਰਕਾਰੀ ਮੈਡੀਕਲ ਪਟਿਆਲਾ ਵਿਚ 256 ਬੱਚੇ ਹਨ, ਜਦਕਿ ਤਿੰਨਾਂ ਕਾਲਜਾਂ ਨੂੰ ਮਿਲਾ ਕੇ ਸੂਬੇ ਵਿਚ ਇਕ ਹਜ਼ਾਰ ਤੋਂ ਵੱਧ ਥੈਲੇਸੀਮੀਆ ਪੀੜਤ ਬੱਚੇ ਹਨ। ਇਕ ਬੱਚੇ ਨੂੰ 15 ਦਿਨਾਂ ਬਾਅਦ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਪਟਿਆਲਾ ਮੈਡੀਕਲ ਕਾਲਜ ਦੇ ਡਿਪਾਰਟਮੈਂਟ ਆਫ ਟਰਾਂਸਫਿਊਜ਼ਨ ਮੈਡੀਸਨ ਦੇ ਪਬਲੀਸਿਟੀ ਅਸਿਸਟੈਂਟ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੀ ਟੀਮ ਕੈਂਪ ਵਿਚ ਪੂਰੀ ਵਿਵਸਥਾ ਨਾਲ ਜਾਵੇਗੀ।

Posted By: Jagjit Singh