ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਰੁਜ਼ਗਾਰ ਦੀ ਮੰਗ ਲਈ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ 129ਵੇਂ ਦਿਨ ਵੀ 260 ਫੁੱਟ ਟਾਵਰ 'ਤੇ ਡਟਿਆ ਰਿਹਾ। ਉਥੇ ਚੰਡੀਗੜ੍ਹ ਪੰਜਾਬ ਭਵਨ ਵਿਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਦਾ ਵਫ਼ਦ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲਿਆ ਹੈ।

ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਲਗਾਤਾਰ ਇਕ ਘੰਟੇ ਦੇ ਕਰੀਬ ਚੱਲੀ ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਮੰਗਾਂ ਬਾਰੇ ਦੱਸਿਆ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਨਵੀਂ ਭਰਤੀ ਦਾ ਇਸ਼ਤਿਹਾਰ ਬਹੁਤ ਜਲਦੀ ਦੇਣ ਦਾ ਭਰੋਸਾ ਦਿੱਤਾ। ਈਟੀਟੀ ਉੱਤੇ ਵਾਧੂ ਸ਼ਰਤਾਂ ਜੋ ਲਾਗੂ ਕੀਤੀਆਂ ਗਈਆਂ ਨੇ ਉਸ 'ਤੇ ਹਾਲੇ ਤਕ ਪੂਰਨ ਤੌਰ 'ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਅਤੇ ਉਮਰ ਹੱਦ ਛੋਟ 'ਤੇ ਕੋਈ ਸਪੱਸ਼ਟਤਾ ਨਹੀਂ ਆ ਸਕੀ ਹੈ।

ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਕੁਲਦੀਪ ਖੋਖਰ, ਨਿਰਮਲ ਜ਼ੀਰਾ, ਰਾਜਸੁਖਵਿੰਦਰ ਗੁਰਦਾਸਪੁਰ, ਬਲਵਿੰਦਰ ਨਾਭਾ, ਮਨੀ ਸੰਗਰੂਰ ਤੇ ਗੁਰਪ੍ਰਰੀਤ ਗੁਰਾਇਆ ਨੇ ਦੱਸਿਆ ਕਿ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਅੱਗੇ ਬੇਰੁਜ਼ਗਾਰਾਂ ਦੀਆਂ ਵੱਖ-ਵੱਖ ਮੰਗਾਂ ਰੱਖੀਆਂ ਗਈਆਂ ਹਨ।

ਇਸ ਦੌਰਾਨ ਮੀਟਿੰਗ ਵਿਚ ਮੰਗਾਂ ਬਾਰੇ ਹਾਂ-ਪੱਖੀ ਜਵਾਬ ਮਿਲਿਆ ਹੈ। ਉਮੀਦ ਕਰਦੇ ਹਾਂ ਕਿ ਨਵੀਂ ਭਰਤੀ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇਗਾ ਤੇ ਬੇਰੁਜ਼ਗਾਰ ਅਧਿਆਪਕਾਂ 'ਤੇ ਕੋਈ ਵੀ ਵਾਧੂ ਸ਼ਰਤ ਨਹੀਂ ਥੋਪੀ ਜਾਵੇਗੀ। ਜੇ ਬੇਰੁਜ਼ਗਾਰ ਅਧਿਆਪਕਾਂ 'ਤੇ ਕੋਈ ਵਾਧੂ ਸ਼ਰਤ ਥੋਪੀ ਗਈ ਤਾਂ ਬੇਰੁਜ਼ਗਾਰ ਅਧਿਆਪਕਾਂ ਸੰਘਰਸ਼ ਨੂੰ ਤਿੱਖਾ ਕਰਨਗੇ।