ਪੱਤਰ ਪ੍ਰੇਰਕ, ਪਟਿਆਲਾ : ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਦਾ ਬਹਿਰੂਪੀਆ ਤਿਆਰ ਕਰ ਕੇ ਲੀਲਾ ਭਵਨ ਚੌਕ ਤੋਂ ਲੈ ਕੇ ਵਾਈਪੀਐੱਸ ਚੌਕ ਤਕ ਰੋਸ ਮਾਰਚ ਕੀਤਾ। ਇਸ ਦੌਰਾਨ ਬੇਰੋਜ਼ਗਾਰ ਅਧਿਆਪਕਾਂ 'ਤੇ ਪੁਲਿਸ ਵੱਲੋਂ ਢਾਏ ਤਸ਼ੱਦਦ ਦਾ ਨਾਟਕੀ ਰੂਪ ਨਾਲ ਪੇਸ਼ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕਾਂ ਨੇ ਵਾਈਪੀਐੱਸ ਚੌਕ 'ਤੇ ਡਾਂਗਾਂ ਟੰਗ ਕੇ ਇਸ ਨੂੰ ਡਾਂਗਾਂ ਵਾਲਾ ਚੌਕ ਦਾ ਨਾਮ ਦਿੱਤਾ।

ਇਸ ਮੌਕੇ ਮੌਜੂਦ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੂਬਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਕੁਲਦੀਪ ਖੋਖਰ, ਨਿਰਮਲ ਜ਼ੀਰਾ, ਸੁਖਜੀਤ ਨਾਭਾ, ਬਲਵਿੰਦਰ ਨਾਭਾ, ਰਾਜਸੁਖਵਿੰਦਰ ਗੁਰਦਾਸਪੁਰ ਤੇ ਸੋਨੀਆ ਪਟਿਆਲਾ ਨੇ ਕਿਹਾ ਕਿ ਲਗਾਤਾਰ ਦੋ ਮਹੀਨਿਆਂ ਤੋਂ ਮੀਟਿੰਗਾਂ ਵਿਚ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਮੰਗਾਂ ਮੰਨਣ ਦਾ ਮਜ਼ਾਕ ਕੀਤਾ ਜਾ ਰਿਹਾ ਹੈ ਤਾਂ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਮਕਾਇਆ ਜਾ ਸਕੇ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਲਿਖਤੀ ਰੂਪ ਚ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਜੋ ਵੀ ਜਾਨੀ ਜਾਂ ਮਾਲੀ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਅਮਨ ਫਾਜ਼ਲਿਕਾ, ਲਾਡੀ ਮਾਨਸਾ, ਮਨੀ ਸੰਗਰੂਰ, ਗੁਰਦੀਪ, ਗੋਪੀ ਪਟਿਆਲਾ, ਪਰਮ ਫਾਜ਼ਿਲਕਾ, ਡਾ. ਪਰਵਿੰਦਰ ਲਾਹੌਰੀਆ, ਗੁਰਪ੍ਰਰੀਤ ਗੁਰਾਇਆ, ਕੁਲਵਿੰਦਰ ਸਾਮਾ, ਅਸ਼ੋਕ ਜਲਾਲਾਬਾਦ ਹੈਪੀ, ਜਲਾਲਾਬਾਦ, ਰਵਿੰਦਰ ਅਬੋਹਰ, ਪਿ੍ਰਥਵੀ ਅਬੋਹਰ ਆਦਿ ਮੌਜੂਦ ਸਨ।