ਸਟਾਫ ਰਿਪੋਰਟਰ, ਪਟਿਆਲਾ : ਨਾਨਕੇ ਰਹਿ ਰਹੀਆਂ ਬੋਲਣ ਤੇ ਸੁਣਨ ਤੋਂ ਅਸਮਰੱਥ ਦੋ ਨਾਬਾਲਗ ਭੈਣਾਂ ਨਾਲ ਮਾਮੇ ਵੱਲੋਂ ਹੀ ਕੁੱਟਮਾਰ ਕਰਨ ਤੇ ਸਰੀਰਕ ਸੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਨਾਨੀ ਬੱਚੀਆਂ ਨੂੰ ਮਿਲਣ ਲਈ ਨਾਨਕੇ ਘਰ ਪੁੱਜੀ। ਸਹਿਮੀਆਂ ਹੋਈਆਂ ਬੱਚੀਆਂ ਨੇ ਇਸ਼ਾਰੇ ਕਰਕੇ ਆਪਣੀ ਨਾਨੀ ਨੂੰ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ ਤੇ ਫਿਰ ਥਾਣਾ ਬਖਸ਼ੀਵਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਪੁਲਿਸ ਨੇ ਬੱਚੀਆਂ ਦੀ ਨਾਨੀ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਵੀ ਦੋ ਬੱਚਿਆਂ ਦਾ ਪਿਤਾ ਹੈ। ਥਾਣਾ ਮੁਖੀ ਕਰਨਵੀਰ ਸਿੰਘ ਸੰਧੂ ਨੇ ਕਿਹਾ ਕਿ ਬੱਚੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਫਿਲਹਾਲ ਮੁਲਜ਼ਮ ਫਰਾਰ ਹੈ ਜਿਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸ਼ਿਕਾਇਤਕਰਤਾ ਅਨੁਸਾਰ ਉਸਦੀ ਭੈਣ ਦਾ ਦੂਸਰਾ ਵਿਆਹ ਹੋਇਆ ਸੀ ਤੇ ਉਸ ਕੋਲ ਇਕ ਲੜਕੀ ਪੈਦਾ ਹੋਈ। ਵਿਆਹ ਤੋਂ ਕੁਝ ਸਾਲ ਬਾਅਦ ਲੜਕੀ ਨੂੰ ਪਤੀ ਨੇ ਅੱਗ ਲਗਾ ਕੇ ਮਾਰ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਪਤਨੀ ਦੇ ਕਤਲ ਮਾਮਲੇ ਵਿਚ ਜੇਲ੍ਹ ’ਚ ਬੰਦ ਹੈ। ਇਨ੍ਹਾਂ ਦੇ ਪੰਜ ਬੱਚੇ ਹਨ, ਜਿਨ੍ਹਾਂ ਵਿਚੋਂ ਤਿੰਨ ਬੋਲਣ ਤੇ ਸੁਣਨ ਤੋਂ ਅਸਮਰਥ ਹੋਣ ਕਾਰਨ ਆਪਣੇ ਨਾਨੇ ਘਰ ਰਹਿ ਰਹੇ ਹਨ।

ਦੋਸ਼ ਹੈ ਕਿ ਇਥੇ ਮੁਲਜ਼ਮ ਨੇ ਦੋ ਬੱਚੀਆਂ ਨਾਲ ਮਾੜਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ, ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ। ਜਿਸ ਬਾਰੇ ਬੱਚੀਆਂ ਕਿਸੇ ਨੂੰ ਦੱਸ ਨਹੀਂ ਸਕੀਆਂ। ਸ਼ਿਕਾਇਤਕਰਤਾ ਅਨੁਸਾਰ ਬੀਤੇ ਦਿਨ ਜਦੋਂ ਉਹ ਬੱਚੀਆਂ ਕੋਲ ਪੁੱਜੀ ਤਾਂ ਉਹ ਬਹੁਤ ਡਰੀਆਂ ਹੋਈਆਂ ਸਨ ਤੇ ਹੱਥਾਂ ਨਾਲ ਇਸ਼ਾਰੇ ਕਰ ਕੇ ਕੁੱਟਮਾਰ ਕਰਨ ਤੇ ਸਰੀਰਕ ਸ਼ੋਸ਼ਣ ਹੋਣ ਬਾਰੇ ਜਾਣਕਾਰੀ ਦਿੱਤੀ।

Posted By: Tejinder Thind