ਐੱਚਐੱਸ ਸੈਣੀ, ਰਾਜਪੁਰਾ : ਰਾਜਪੁਰਾ-ਪਟਿਆਲਾ ਰੋਡ 'ਤੇ ਪਿੰਡ ਖੇੜੀ ਗੰਡਿਆਂ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਦਾ ਇੰਜਣ 5-6 ਮੀਟਰ ਦੂਰ ਜਾ ਡਿੱਗਿਆ। ਥਾਣਾ ਖੇੜੀ ਗੰਡਿਆਂ ਦੀ ਥਾਣੇਦਾਰ ਪ੍ਰਦੀਪ ਕੌਰ ਅਤੇ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੇ ਪਿਤਾ ਮਨਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਅਤੇ ਗੁਰਨਾਮ ਸਿੰਘ ਵਾਸੀ ਚਿਨਾਰ ਬਾਗ ਪਟਿਆਲਾ ਨੇ ਬਿਆਨ ਦਰਜ ਕਰਵਾਏ ਕਿ ਦੋਵਾਂ ਦੇ ਪੁੱਤਰ ਤਰਨਜੀਤ ਸਿੰਘ (19) ਅਤੇ ਸੁਖਮਨਜੀਤ ਸਿੰਘ (19) ਲੰਘੇ ਦਿਨ ਆਪਣੇ ਹੋਰ 3 ਦੋਸਤਾਂ ਨਾਲ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਮੱਥਾ ਟੇਕਣ ਗਏ ਸਨ ਅਤੇ ਲੰਘੀ ਦੇਰ ਰਾਤ ਪਟਿਆਲਾ ਪਹੁੰਚੇ ਸਨ।

ਇਸ ਉਪਰੰਤ ਤਰਨਜੀਤ ਸਿੰਘ ਤੇ ਸੁਖਮਨਜੀਤ ਸਿੰਘ ਸਵਿਫਟ ਕਾਰ 'ਤੇ ਸਵਾਰ ਹੋ ਕੇ ਰਾਜਪੁਰਾ ਵੱਲ ਕੋਈ ਕੰਮ ਲਈ ਨਿਕਲ ਗਏ। ਜਦੋਂ ਉਹ ਅੱਜ ਸਵੇਰੇ 6 ਵਜੇ ਦੇ ਕਰੀਬ ਰਾਜਪੁਰਾ-ਪਟਿਆਲਾ ਰੋਡ 'ਤੇ ਰਾਜਪੁਰਾ ਨੇੜੇ ਕਾਲੂ ਦੇ ਢਾਬੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਕਿਸੇ ਅਣਪਛਾਤੀ ਗੱਡੀ ਨਾਲ ਟਕਰਾਅ ਗਈ। ਇਸ ਹਾਦਸੇ 'ਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।

ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਦਾ ਇੰਜਣ ਨਿਕਲ ਕੇ 5-6 ਮੀਟਰ ਦੂਰ ਜਾ ਡਿੱਗਿਆ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਕੇ ਮਿ੍ਤਕਾਂ ਦੇ ਵਾਰਸਾਂ ਨੂੰ ਸੂਚਨਾ ਦਿੱਤੀ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।