ਨਵਦੀਪ ਢੀਂਗਰਾ, ਪਟਿਆਲਾ : ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਦੋ ਔਰਤਾਂ ਨੂੰ 850 ਗਰਾਮ ਹੈਰੋਇਨ ਅਤੇ 5 ਲੱਖ ਰੁਪਏ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੀਆਂ ਔਰਤਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਏ ਸਾਜੋ-ਸਾਮਾਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।

ਇਸ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਪਸਿਆਣਾ ਮੁਖੀ ਇੰਸਪੈਕਟਰ ਹਰਬਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਆਪ੍ਰਰੇਸ਼ਨ ਵਿੱਢਿਆ ਗਿਆ ਹੈ। ਇਸੇ ਤਹਿਤ ਤਹਿਤ ਥਾਣਾ ਪਸਿਆਣਾ ਪੁਲਿਸ ਦੀਆਂ ਟੀਮਾਂ ਨੇ ਰਾਜਗੜ੍ਹ ਤੋਂ ਮਨਜੀਤ ਕੌਰ ਉਰਫ ਬਿੱਟੋ ਨੂੰ 450 ਗਰਾਮ ਹੈਰੋਇਨ ਅਤੇ 5 ਲੱਖ ਰੁਪਏ (ਡਰੱਗ ਮਨੀ) ਅਤੇ ਅਮਰਜੀਤ ਕੌਰ ਉਰਫ ਕਾਲੋ ਨੂੰ 400 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ। ਦੋਵਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੋਵਾਂ ਦੇ ਪਤੀ ਨਸ਼ਾ ਸਮੱਗਲਿੰਗ ਦੇ ਮਾਮਲਿਆਂ 'ਚ ਹਨ ਜੇਲ੍ਹ 'ਚ

ਗਿ੍ਫ਼ਤਾਰ ਕੀਤੀ ਮਨਜੀਤ ਕੌਰ ਉਰਫ ਬਿੱਟੋ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਹਨ। ਮਨਜੀਤ ਕੌਰ ਦਾ ਪਤੀ ਸੁਰਜੀਤ ਸਿੰਘ ਪਹਿਲਾਂ ਹੀ ਐੱਨਡੀਪੀਐਸ ਐਕਟ ਤਹਿਤ ਇਕ ਮਾਮਲੇ 'ਚ ਜੇਲ੍ਹ 'ਚ ਬੰਦ ਹੈ, ਜਿਸ ਖ਼ਿਲਾਫ਼ ਪੰਜ ਮਾਮਲੇ ਦਰਜ ਹਨ। ਦੋਵੇਂ ਪਤੀ-ਪਤਨੀ ਪਿਛਲੇ 7-8 ਸਾਲ ਤੋਂ ਨਸ਼ਿਆਂ ਦਾ ਕਾਲਾ ਕਾਰੋਬਾਰ ਕਰ ਰਹੇ ਸਨ। ਇਸੇ ਤਰ੍ਹਾਂ ਅਮਰਜੀਤ ਕੌਰ ਉਰਫ ਕਾਲੋ ਦਾ ਪਤੀ ਮੇਜਰ ਸਿੰਘ ਵੀ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਜੇਲ੍ਹ 'ਚ ਬੰਦ ਹੈ। ਉਕਤ ਦੋਵੇਂ ਪਤੀ-ਪਤਨੀ ਵੀ ਪਿਛਲੇ 7-8 ਸਾਲਾਂ ਤੋਂ ਨਸ਼ੇ ਦਾ ਕਾਲਾ ਕਾਰੋਬਾਰ ਕਰ ਰਹੇ ਸਨ।

ਦਿੱਲੀ ਦੇ ਸਮੱਗਲਰਾਂ ਤੋਂ ਲਿਆਂਦੀ ਸੀ ਹੈਰੋਇਨ

ਗਿ੍ਫਤਾਰ ਕੀਤੀਆਂ ਉਕਤ ਦੋਵੇ ਔਰਤਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਦੇ ਨਾਈਜੀਰੀਅਨ ਸਮੱਗਲਰਾਂ ਤੋਂ ਲੈ ਕੇ ਆਈਆਂ ਸਨ। ਪੁਲਿਸ ਵੱਲੋਂ ਦਿੱਲੀ ਦੇ ਸਮੱਗਲਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਾਜੋ-ਸਾਮਾਨ ਨੂੰ ਲਿਆ ਕਬਜ਼ੇ 'ਚ

ਮੁਲਜ਼ਮਾਂ ਵੱਲੋਂ ਨਸ਼ੇ ਦੇ ਧੰਦੇ ਤੋਂ ਬਣਾਏ ਹੋਏ ਸਾਮਾਨ ਨੂੰ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ, ਜਿਸ ਵਿਚ 2 ਏਸੀ, 2 ਵਾਸ਼ਿੰਗ ਮਸ਼ੀਨਾਂ, 2 ਐੱਲਸੀਡੀਜ਼, ਫਰਿਜ ਆਦਿ ਸ਼ਾਮਲ ਹਨ। ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਪਿੰਡ ਰਾਜਗੜ੍ਹ ਵਿਖੇ ਜ਼ਮੀਨ ਲੈ ਕੇ ਤਿਆਰ ਕੀਤੀਆਂ ਜਾ ਰਹੀਆਂ ਦੋ ਕੋਠੀਆਂ ਦੀ ਪਛਾਣ ਕੀਤੀ ਹੈ, ਉਕਤ ਕੋਠੀਆਂ ਨੂੰ ਪੁਲਿਸ ਨੇ ਮਾਮਲੇ 'ਚ ਮਾਰਕ ਕਰ ਲਿਆ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਵੀ ਪੜਤਾਲ ਕੀਤੀ ਜਾਵੇਗੀ।