ਨਵਦੀਪ ਢੀਂਗਰਾ, ਪਟਿਆਲਾ : ਮਿ੍ਤਕਾਂ ਦੇ ਵਾਰਸ ਨੌਕਰੀ ਦੀ ਮੰਗ ਨੂੰ ਲੈ ਕੇ ਤੀਸਰੇ ਦਿਨ ਵੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਰਹੇ। ਟੈਂਕੀ 'ਤੇ ਬੈਠੀ ਬਜ਼ੁਰਗ ਔਰਤ ਪਰਮਜੀਤ ਕੌਰ ਤੇ ਅਰੁਣ ਮਿੱਤਲ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਟੈਂਕੀ 'ਤੇ ਬੈਠ ਕੇ ਪ੍ਰਦਰਸ਼ਨ ਕਰ ਰਹੀ ਪਰਮਜੀਤ ਕੌਰ ਲੁਧਿਆਣਾ ਤੇ ਰਜੇਸ਼ ਕੁਮਾਰ ਦੀ ਤਬੀਅਤ ਵਿਗੜਣੀ ਸ਼ੁਰੂ ਹੋ ਗਈ ਹੈ। ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਪ੍ਰਦਰਸ਼ਨਕਾਰੀਆਂ ਦੀ ਸਾਰ ਲੈਣ ਵੀ ਨਹੀਂ ਪੁੱਜੇ ਹਨ।

ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਅਜੇ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਨੇ ਕਮੇਟੀ ਮੈਂਬਰਾਂ ਨਾਲ ਕੀਤੀ ਮੀਟਿੰਗ ਵਿਚ ਨੌਕਰੀ ਦੇਣ ਤੋਂ ਅਸਮਰਥਤਾ ਜਤਾਈ ਸੀ। ਜਿਸ ਤੋਂ ਬਾਅਦ ਕਮੇਟੀ ਨੇ ਅਣਮਿੱਥੇ ਸਮੇਂ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਰੋਸ ਪ੍ਰਦਰਸ਼ਨ ਕਰਦੇ ਹੋਏ ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਦੇ 8 ਮੈਂਬਰ ਰਾਜਪੁਰਾ ਕਲੋਨੀ ਵਿਖੇ ਸਥਿਤ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਜੋ ਕਿ ਸ਼ਨਿੱਚਰਵਾਰ ਵੀ ਟੈਂਕੀ 'ਤੇ ਹੀ ਰਹੇ। ਇਨ੍ਹਾਂ ਤੋਂ ਇਲਾਵਾ ਹੋਰਨਾਂ ਸਾਥੀਆਂ ਵੱਲੋਂ ਕਲੋਨੀ ਵਿਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਟੈਂਕੀ 'ਤੇ ਚੜ੍ਹਨ ਵਾਲਿਆਂ ਵਿਚ ਅਰੁਣ ਮਿੱਤਲ ਬਠਿੰਡਾ, ਵਿਜੇ ਕੁਮਾਰ ਬਠਿੰਡਾ, ਬਲਜੀਤ ਸਿੰਘ ਤਰਨਤਾਰਨ, ਰਜੇਸ਼ ਕੁਮਾਰ ਤੇ ਬਜ਼ੁਰਗ ਔਰਤ ਪਰਮਜੀਤ ਕੌਰ ਲੁਧਿਆਣਾ ਸ਼ਾਮਲ ਹਨ।

ਸੰਘਰਸ਼ ਕਮੇਟੀ ਪ੍ਰਧਾਨ ਅਜੇ ਕੁਮਾਰ ਨੇ ਕਿਹਾ ਕਿ 2002 ਤੋਂ 2010 ਤਕ ਪਾਵਰਕਾਮ ਵਿਚ ਨੌਕਰੀ ਦੌਰਾਨ ਮੌਤ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਲੰਮੇ ਸਮੇਂ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਉਨ੍ਹਾਂ ਦੇ ਸੰਘਰਸ਼ ਦੌਰਾਨ ਪਾਵਰਕਾਮ ਅਧਿਕਾਰੀਆਂ ਨੇ ਪਹਿਲ ਦੇ ਅਧਾਰ 'ਤੇ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ ਸੀ ਪਰ ਕਈ ਮਹੀਨੇ ਬੀਤਣ 'ਤੇ ਇਸ 'ਤੇ ਕੋਈ ਅਮਲ ਨਹੀਂ ਕੀਤਾ ਗਿਆ, ਜਿਸ ਕਰ ਕੇ ਮਜਬੂਰਨ ਤਿੱਖਾ ਸੰਘਰਸ਼ ਵਿੱਢਣਾ ਪਿਆ ਹੈ।