ਮਹਿੰਦਰਪਾਲ ਬੱਬੀ, ਭਾਦਸੋਂ: ਨਗਰ ਭਾਦਸੋਂ ਤੇ ਨਾਲ ਲੱਗਦੇ ਪਿੰਡ ਚਾਸਵਾਲ 'ਚ ਇੰਡਸਟਰੀ ਖੇਤਰ ਦੇ ਤਿੰਨ ਮਜ਼ਦੂਰ ਜੋ ਥੋੜਾ ਸਮਾਂ ਪਹਿਲਾਂ ਹੀ ਇਕ ਲੇਬਰ ਠੇਕੇਦਾਰ ਕੋਲ ਕੰਮ ਕਰਨ ਲਈ ਸਹਾਰਨਪੁਰ (ਯੂਪੀ) ਤੋਂ ਭਾਦਸੋਂ ਆਏ ਸਨ, ਬੀਤੀ 11 ਜੁਲਾਈ ਨੂੰ ਲਏ ਕੋਰੋਨਾ ਟੈਸਟ ਦੀ ਰਿਪੋਰਟ ਵਿਚ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚੋਂ ਅਦੀਬ ਤੇ ਸੈਲੇਸ਼ ਨਾਂ ਦੇ ਦੋ ਮਜ਼ਦੂਰ ਜੋ ਕਿ ਯੂਪੀ ਦੇ ਸਹਾਰਨਪੁਰ ਨੇੜਲ਼ੇ ਨਗਰ ਰਾਮਪੁਰ ਤੋਂ ਸਨ, ਅਪਣੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਇਕ ਦਿਨ ਪਹਿਲਾਂ 12 ਜੁਲਾਈ ਦੀ ਰਾਤ ਨੂੰ ਕਿਰਾਏ ਦੀ ਕਾਰ ਰਾਹੀਂ ਯੂਪੀ ਦੌੜ ਗਏ ਹਨ।

ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਕਾਰ ਡਰਾਈਵਰ ਜੋ ਥਾਣਾ ਭਾਦਸੋਂ ਦੇ ਪਿੰਡ ਮਾਂਗੇਵਾਲ ਦਾ ਵਸਨੀਕ ਹੈ, ਨੂੰ ਪੰਜਾਬ ਵਾਪਿਸ ਪੁੱਜਦਿਆਂ ਹੀ ਇਸ ਗੱਲ ਤੋਂ ਸੂਚਿਤ ਕਰ ਦਿੱਤਾ ਗਿਆ ਤੇ ਮਾਂਗੇਵਾਲ ਸਥਿਤ ਉਸ ਦੇ ਘਰ 'ਚ ਕੁਆਰੰਟਾਈਨ ਕੀਤਾ ਗਿਆ ਹੈ। ਮਰੀਜ਼ਾਂ ਦੇ ਯੂਪੀ ਦੌੜ ਜਾਣ ਦੀ ਖ਼ਬਰ ਪ੍ਰਸ਼ਾਸਨ ਨੂੰ ਉਦੋਂ ਮਿਲੀ ਜਦੋਂ ਸਿਹਤ ਵਿਭਾਗ ਦੀ ਟੀਮ ਮਰੀਜ਼ਾਂ ਦੀ ਆਰਜ਼ੀ ਰਿਹਾਇਸ਼ 'ਤੇ ਉਨ੍ਹਾਂ ਨੂੰ ਕੁਆਰੰਟਾਈਨ ਕਰਨ ਗਈ। ਥਾਣਾ ਭਾਦਸੋਂ ਦੇ ਐੱਸਐੱਚਓ ਅਮਿ੍ਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਮਾਮਲਾ ਤੁਰੰਤ ਸਹਾਰਨਪੁਰ ਖੇਤਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ 'ਚ ਲਿਆ ਕੇ ਦੋਵਾਂ ਮਰੀਜਾਂ ਨੂੰ ਸਹਾਰਨਪੁਰ ਵਿਖੇ ਹੀ ਕੁਆਰੰਟਾਈਨ ਕਰਵਾ ਕੇ ਇਲਾਜ ਆਰੰਭ ਕਰਵਾ ਦਿੱਤਾ ਗਿਆ ਹੈ।