ਹਰਿੰਦਰ ਸ਼ਾਰਦਾ, ਪਟਿਆਲਾ : ਭੈਣ ਦੇ ਲੇਡੀਜ਼ ਸੰਗੀਤ ਤੋਂ ਵਾਪਸ ਆ ਰਹੇ ਦੋ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ, ਜਦੋਂਕਿ ਲੜਕੀ ਦੇ ਸਕੇ ਭਰਾ ਸਮੇਤ ਦੋ ਹੋਰ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਹੈ। ਜਿਸ ਕਾਰਨ ਖੁਸ਼ੀ ਦੇ ਮਾਹੌਲ ਦੌਰਾਨ ਘਰ ਵਿਚ ਸੋਗ ਦੀ ਲਹਿਰ ਹੈ। ਮਿ੍ਤਕਾਂ ਦੀ ਪਛਾਣ ਚੇਤਨ ਸਕਸੇਨਾ (30) ਵਾਸੀ ਦਰਜੀਆਂ ਵਾਲੀ ਗਲੀ ਪਟਿਆਲਾ ਤੇ ਜੱਗੀ ਹੁੰਦਲ ਵਾਸੀ ਪਿੰਡ ਸ਼ਾਦੀਪੁਰ, ਭੁੱਨਰਹੇੜੀ ਦੇ ਤੌਰ 'ਤੇ ਹੋਈ ਹੈ। ਜਦਕਿ ਜ਼ਖ਼ਮੀਆਂ ਦੀ ਪਛਾਣ ਮਨਿੰਦਰ ਸਿੰਘ, ਨਵਦੀਪ ਸਿੰਘ ਵਾਸੀ ਸੂਲਰ ਤੇ ਹੈਪੀ ਵਾਸੀ ਪਿੰਡ ਸ਼ਾਦੀਪੁਰ ਦੇ ਤੌਰ 'ਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਜੱਗੀ ਦੇ ਚਾਚਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਮਨਿੰਦਰ ਦੀ ਭੈਣ ਦਾ ਵਿਆਹ ਸੀ ਤੇ ਸ਼ੁੱਕਰਵਾਰ ਨੁੂੰ ਉਸ ਦੇ ਘਰ ਵਿਚ ਲੇਡੀਜ਼ ਸੰਗੀਤ ਸੀ। ਇਸ ਵਿਚ ਸ਼ਾਮਲ ਹੋਣ ਲਈ ਚੇਤਨ ਸਕਸੇਨਾ, ਜੱਗੀ ਹੁੰਦਲ ਤੇ ਹੈਪੀ ਆਏ ਸਨ। ਲੇਡੀਜ਼ ਸੰਗੀਤ ਵਿਚ ਸ਼ਾਮਲ ਹੋਣ ਲਈ ਕਰੀਬ 12 ਵਜੇ ਮਨਿੰਦਰ ਸਿੰਘ ਤੇ ਨਵਦੀਪ ਚੇਤਨ ਨੂੰ ਦਰਜੀਆਂ ਵਾਲੀ ਗੱਲੀ ਵਿਚ ਛੱਡਣ ਲਈ ਜਾ ਰਹੇ ਸਨ। ਇਸ ਦੌਰਾਨ ਜਿਵੇਂ ਹੀ ਉਨ੍ਹਾਂ ਦੀ ਕਾਰ ਠਿਕਰੀਵਾਲਾ ਚੌਕ ਵਿਖੇ ਪੁੱਜੀ ਤਾਂ ਉਥੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੇਕਾਬੂ ਹੋ ਗਈ ਤੇ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਦੌਰਾਨ ਚੇਤਨ ਤੇ ਜੱਗੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਬਾਕੀ ਕਾਰ ਸਵਾਰ ਜ਼ਖ਼ਮੀ ਹੋ ਗਏ ਇਸ ਉਪਰੰਤ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਪਰਿਵਾਰ 'ਚ ਇਕਲੌਤੇ ਕਮਾਉਣ ਵਾਲੇ ਸਨ ਮਿ੍ਤਕ

ਅੰਗਰੇਜ਼ ਸਿੰਘ ਨੇ ਦੱਸਿਆ ਕਿ ਚੇਤਨ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ, ਜਦੋਂਕਿ ਜੱਗੀ ਦਾ ਭੁੱਨਰਹੇੜੀ 'ਚ ਫ਼ਾਰਮ ਹਾਊਸ ਸੀ। ਦੋਵਾਂ ਦੇ ਵਿਆਹ ਨੂੰ ਵੀ ਤਿੰਨ ਸਾਲ ਹੋ ਚੁੱਕੇ ਸਨ, ਜਿਨ੍ਹਾਂ ਦੇ ਦੋ ਲੜਕੇ ਹਨ। ਚੇਤਨ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ, ਜਿਸ ਦੇ ਸਿਰ 'ਤੇ ਪੂਰੇ ਘਰ ਦੀ ਜ਼ਿੰਮੇਵਾਰੀ ਸੀ। ਇਸ ਦੇ ਨਾਲ ਹੀ ਜੱਗੀ ਹੁੰਦਲ ਵੀ ਇਕੱਲਾ ਹੀ ਫਾਰਮ ਹਾਉਸ ਦਾ ਕੰਮ ਸਾਂਭਣ ਵਾਲਾ ਸੀ। ਦੋਵਾਂ ਦੀ ਮੌਤ ਕਾਰਨ ਪਰਿਵਾਰ ਸਦਮੇ ਵਿਚ ਹਨ। ਚੇਤਨ ਦੇ ਪਰਿਵਾਰ ਵਿਚ ਪਿੱਛੇ ਦੋ ਸਾਲਾ ਲੜਕਾ ਤੇ ਪਤਨੀ ਰਹਿ ਗਈ ਹੈ, ਜਦੋਂਕਿ ਜੱਗੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਤਿੰਨ ਸਾਲਾ ਲੜਕਾ ਤੇ ਪਤਨੀ ਰਹਿ ਗਏ ਹਨ।

ਭਰੀਆਂ ਅੱਖਾਂ ਨਾਲ ਭੈਣ ਦਾ ਕੀਤਾ ਵਿਆਹ

ਮਾਮਲੇ ਦੀ ਜਾਂਚ ਕਰ ਰਹੇ ਨਿਊ ਅਫ਼ਸਰ ਕਲੋਨੀ ਚੌਕੀ ਇੰਚਾਰਜ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਭੈਣ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਜਿਸ ਕਾਰਨ ਪਰਿਵਾਰ ਵੱਲੋਂ ਸਾਦੇ ਤਰੀਕੇ ਨਾਲ ਹੀ ਵਿਆਹ ਸਮਾਗਮ ਨੂੰ ਸਿਰੇ ਚਾੜਿ੍ਹਆ ਗਿਆ ਹੈ। ਦੋਵਾਂ ਭਰਾਵਾਂ ਦੇ ਚੱਲੇ ਜਾਣ ਤੋਂ ਬਾਅਦ ਪਰਿਵਾਰ ਵਲੋਂ ਲੜਕੀ ਨੂੰ ਭਰੀਆਂ ਅੱਖਾਂ ਨਾਲ ਵਿਦਾ ਕੀਤਾ ਹੈ।

ਟਰੱਕ ਦਾ ਨੰਬਰ ਟਰੇਸ, ਭਾਲ ਜਾਰੀ

ਚੌਕੀ ਇੰਚਾਰਜ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਦਾ ਨੰਬਰ ਪੁਲਿਸ ਨੁੂੰ ਮਿਲ ਗਿਆ ਹੈ। ਜਿਸ ਦੇ ਚੱਲਦਿਆ ਮੁਲਜ਼ਮ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡਰਾਈਵਰ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ।

Posted By: Susheel Khanna