ਰਾਕੇਸ਼ ਸ਼ਰਮਾ, ਭੁਨਰਹੇੜੀ : ਭੁਨਰਹੇੜੀ ਤੋਂ 8-10 ਦੇ ਕਰੀਬ ਨੌਜਵਾਨਾਂ ਦਾ ਸਮੂਹ ਪਸਿਆਣਾ ਨਹਿਰ 'ਚ ਨਹਾਉਣ ਲਈ ਗਿਆ ਪਰ ਇਸ ਦੌਰਾਨ ਸਾਹਿਲ ਨਾਮ ਦੇ ਦੋ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਨਹਿਰ 'ਚ ਰੁੜ੍ਹ ਗਏ। ਥਾਣਾ ਪਸਿਆਣਾ ਦੀ ਪੁਲਿਸ ਤੇ ਗੋਤਾਖੋਰਾਂ ਦੀ ਟੀਮ ਵੱਲੋਂ ਨਹਿਰ 'ਚ ਡੁੱਬੇ ਨੌਜਵਾਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।

ਇਸ ਮੌਕੇ ਨਹਿਰ 'ਚ ਰੁੜ੍ਹੇ ਦੋਵਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਹਾਨੇਬਾਜ਼ੀ ਕਰਕੇ 8-10 ਨੌਜਵਾਨ ਨਹਿਰ 'ਚ ਨਹਾਉਣ ਗਏ ਸਨ ਜਿੱਥੇ ਕਿ ਸਾਹਿਲ ਕੁਮਾਰ (19) ਪੁੱਤਰ ਕੁਲਵਿੰਦਰ ਕੁਮਾਰ ਵਾਸੀ ਪਿੰਡ ਭੁਨਰਹੇੜੀ ਪਾਣੀ 'ਚ ਰੁੜ੍ਹ ਗਿਆ। ਮਿ੍ਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਸਾਹਿਲ ਨੂੰ ਪਸਿਆਣਾ ਜਾਣ ਲਈ ਮੋਟਰਸਾਈਕਲ ਨਹੀਂ ਦਿੱਤਾ ਪਰ ਸਾਹਿਲ ਡੁਪਲੀਕੇਟ ਚਾਬੀ ਲਗਾ ਕੇ ਪਿਤਾ ਤੋਂ ਚੋਰੀ ਮੋਟਰਸਾਈਕਲ ਲੈ ਗਿਆ ਜਿੱਥੇ ਕਿ ਦੂਜੇ ਵਿਦਿਆਰਥੀ ਸਾਹਿਲ (18) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਭੁਨਰਹੇੜੀ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਉਹ ਆਪਣਾ ਡਰਾਈਵਿੰਗ ਲਾਇਸੈਂਸ ਲੈਣ ਲਈ ਪਟਿਆਲਾ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਉਹ ਦੁਪਹਿਰ ਦੋ ਕੁ ਵਜੇ ਪਸਿਆਣਾ ਦੀ ਨਹਿਰ 'ਚ ਨਹਾਉਣ ਲੱਗ ਪਏ। ਉਸ ਤੋਂ ਬਾਅਦ ਦੋਨਾਂ ਵਿੱਚੋਂ ਇਕ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਦੂਜਾ ਦੋਸਤ ਦੀ ਜਾਨ ਬਚਾਉਣ ਲਈ ਹੀ ਉਸ ਦੇ ਨਾਲ ਹੀ ਰੁੜ੍ਹ ਗਿਆ ਜਿਨ੍ਹਾਂ ਦੇ ਨਹਿਰ 'ਚ ਰੁੜ੍ਹਨ ਦੀ ਸੂਚਨਾ ਬਾਕੀ ਦੇ ਨੌਜਵਾਨਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।

ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਦੋਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਹਾਲੇ ਤਕ ਨੌਜਵਾਨਾਂ ਸਬੰਧੀ ਕੁਝ ਪਤਾ ਨਹੀ ਲੱਗ ਸਕਿਆ।