ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਟਰੱਕ ਐਂਡ ਬੱਸ ਬਾਡੀ ਬਿਲਡਰ ਐਸੋਸੀਏਸਨ ਸਰਹਿੰਦ ਵਲੋਂ ਪ੍ਰਧਾਨ ਹਰਮੀਤ ਸਿੰਘ ਸੱਗੂ ਦੀ ਅਗਵਾਈ ਵਿਚ ਇਕ ਵਫਦ ਡੀਸੀ ਪ੍ਰਸ਼ਾਂਤ ਕੁਮਾਰ ਗੋਇਲ ਨੂੰ ਮਿਲਿਆ ਅਤੇ ਟਰੱਕ ਬਾਡੀਆਂ 'ਤੇ ਲੱਗੇ ਕੋਡ ਐਕਟ ਨੂੰ ਹਟਾਉਣ ਸਬੰਧੀ ਇਕ ਮੰਗ ਪੱਤਰ ਸੌਂਪਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ ਸੱਗੂ ਨੇ ਦੱਸਿਆ ਕਿ ਸਰਹਿੰਦ ਸ਼ਹਿਰ ਟਰੱਕ ਬਾਡੀਆਂ ਦੇ ਕਾਰੋਬਾਰ ਲਈ ਦੁਨੀਆਂ ਵਿਚ ਜਾਣਿਆ ਜਾਂਦਾ ਹੈ। ਕੇਂਦਰ ਸਰਕਾਰ ਨੇ ਆਪਣੀਆਂ ਕੁਝ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਲਈ ਕੋਡ ਐਕਟ ਰਾਹੀਂ ਕਿਸੇ ਵੀ ਟਰੱਕ ਦੇ ਕੇਬਨ ਬਾਡੀ ਲਈ ਉਕਤ ਕੰਪਨੀਆਂ ਤੋਂ ਡਰਾਇੰਗ ਪਾਸ ਕਰਵਾਉਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ। ਜਿਸ ਨਾਲ ਉਕਤ ਕੰਪਨੀ ਵਿਚ ਪ੍ਰਤੀ ਟਰੱਕ ਬਾਡੀ ਪਾਸ ਕਰਵਾਉਣ ਲਈ 12 ਤੋਂ 15 ਲੱਖ ਖਰਚ ਆਵੇਗਾ ਜੋ ਕਿ ਉਨ੍ਹਾਂ ਦੇ ਅਧਿਕਾਰਤ ਖੇਤਰ ਤੋਂ ਬਾਹਰ ਹੈ। ਇਸ ਨਾਲ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ ਅਤੇ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ। ਪ੍ਰਧਾਨ ਸੱਗੂ ਨੇ ਕਿਹਾ ਕਿ ਸਰਹਿੰਦ ਦੇ ਸਮੂਹ ਟਰੱਕ ਬਾਡੀ ਬਿਲਡਰ ਸ਼ੁਰੂ ਤੋਂ ਹੀ ਸੁਰੱਖਿਆ ਪੱਖੋਂ ਮਜ਼ਬੂਤ ਅਤੇ ਲੋਕਹਿੱਤ ਲਈ ਕੇਬਨ ਅਤੇ ਟਰੱਕ ਬਾਡੀਆਂ ੁਬਣਾਉਂਦਾ ਰਿਹਾ ਹੈ, ਜਿਸ ਕਾਰਨ ਪੂਰੇ ਉੱਤਰ ਏਸ਼ੀਆ ਵਿਚ ਸਰਹਿੰਦ ਦੇ ਬਿਲਡਰਾਂ ਦਾ ਨਾਮ ਕੁਆਲਟੀ ਅਤੇ ਸੁਰੱਖਿਆ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਡੀਸੀ ਤੋਂ ਮੰਗ ਕੀਤੀ ਕਿ ਕੋਡ ਐਕਟ ਦਾ ਫੈਸਲਾ ਵਾਪਸ ਲਿਆ ਜਾਵੇ। ਇਸ ਮੌਕੇ ਮੇਹਰਪਾਲ ਸਿੰਘ ਮੰਣਕੂ, ਤੇਜਿੰਦਰ ਸਿੰਘ, ਮੇਵਾ ਸਿੰਘ, ਤਰਸੇਮ ਸਿੰਘ ਐਦੀ, ਰਜਿੰਦਰਪਾਲ ਸਿੰਘ ਮਣਕੂ, ਦਿਨੇਸ਼ ਪਾਠਕ, ਤਿਲਕ ਰਾਜ ਸੱਗੂ, ਬਲਵਿੰਦਰ ਸਿੰਘ ਸਹਾਰਨ, ਨਾਜਰ ਅਲੀ, ਬਲਿਹਾਰ ਸਿੰਘ, ਅਸ਼ੋਕ ਕੁਮਾਰ, ਦਰਬਾਰਾ ਸਿੰਘ, ਧਰਮਿੰਦਰ ਸਿੰਘ ਮਾਰਵਾ, ਸੋਹਣ ਸਿੰਘ, ਬਲਵਿੰਦਰ ਸਿੰਘ ਮਠਾੜੂ ਆਦਿ ਮੌਜੂਦ ਸਨ।
ਟਰੱਕ ਐਂਡ ਬੱਸ ਬਾਡੀ ਬਿਲਡਰ ਐਸੋਸੀਏਸ਼ਨ ਨੇ ਸੌਂਪਿਆ ਮੰਗ ਪੱਤਰ
Publish Date:Wed, 28 Aug 2019 05:30 PM (IST)

