ਐੱਚਐੱਸ ਸੈਣੀ, ਰਾਜਪੁਰਾ : ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਸੂਰਲ ਖੁਰਦ ਕੋਲ ਨਾਭਾ ਪਾਵਰ ਲਿਮਟਿਡ ਪ੍ਰਾਈਵੇਟ ਥਰਮਲ ਪਲਾਂਟ ਨੂੰ ਜਾਂਦੀਆਂ ਰੇਲਵੇ ਲਾਈਨਾਂ 'ਤੇ ਕਿਸਾਨ ਜਥੇਬੰਦੀਆਂ ਨੇ ਮੋਰਚਾ ਲਾਇਆ ਹੈ, ਉਨ੍ਹਾਂ ਐਲਾਨ ਕਰਦਿਆਂ ਥਰਮਲ ਪਲਾਂਟ ਨੂੰ ਜਾਂਦੇ ਕੋਲੇ ਸਪਲਾਈ ਦੀਆਂ ਰੇਲ ਗੱਡੀਆਂ ਦਾ ਚੱਕਾ ਜਾਮ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣਿਆਂ ਅਧੀਨ ਆਉਂਦੇ ਪ੍ਰਾਈਵੇਟ ਥਰਮਲ ਪਲਾਂਟ ਸਰਕਾਰਾਂ ਨਾਲ ਕੀਤੇ ਸਮਝੌਤਿਆਂ ਤਹਿਤ ਪੰਜਾਬ ਸੂਬੇ ਅੰਦਰ ਮਹਿੰਗੇ ਭਾਅ ਦੀ ਬਿਜਲੀ ਵੇਚ ਰਹੇ ਹਨ, ਸਬੰਧੀ ਕੇਂਦਰ ਸਰਕਾਰ 'ਤੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਤਹਿਤ ਦਬਾਅ ਬਣਾਉਣਾ ਹੈ।

ਇਸ ਸਬੰਧੀ ਰੋਸ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਏਕਮ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ, ਜਸਵਿੰਦਰ ਸਿੰਘ ਬਰਾਸ, ਬਲਕਾਰ ਸਿੰਘ, ਦਵਿੰਦਰ ਸਿੰਘ ਸੀਲ ਪ੍ਰਧਾਨ ਘਨੌਰ, ਹਰਮੇਲ ਸਿੰਘ ਤੁੰਗਾ, ਸੁਰਜੀਤ ਸਿੰਘ ਨਨਹੇੜਾ, ਕਰਨੈਲ ਸਿੰਘ ਲੰਗ ਸਮੇਤ ਹੋਰਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਸੂਰਲ ਖੁਰਦ ਨੇੜੇ ਰੇਲਵੇ ਲਾਈਨਾਂ 'ਤੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ ਤੇ ਸਾਡੇ ਵੱਲੋਂ ਪੰਜਾਬ ਦੇ ਵਿਚ ਪ੍ਰਰਾਈਵੇਟ ਥਰਮਲ ਪਲਾਂਟਾਂ ਵਿਚ ਕੋਲਾ ਸਪਲਾਈ ਕਰਦੀਆਂ ਰੇਲਾਂ ਦਾ ਘਿਰਾਓ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਸਮਝੌਤੇ ਤਹਿਤ ਪੰਜਾਬ ਸੂਬੇ ਦੇ ਲੋਕਾਂ ਨੂੰ ਬਿਜਲੀ ਮਹਿੰਗੀ ਮਿਲ ਰਹੀ ਹੈ। ਜੇ ਕੇਂਦਰ ਸਰਕਾਰ ਬਿਜਲੀ ਸਪਲਾਈ ਨੂੰ ਨਿਰਵਿਘਨ ਚਲਾਉਣ ਲਈ ਕੋਲਾ ਦੇਣਾ ਚਾਹੁੰਦੀ ਹੈ ਤਾਂ ਉਹ ਸਰਕਾਰੀ ਥਰਮਲ ਪਲਾਂਟ ਵਿਚ ਕੋਲਾ ਸਪਲਾਈ ਕਰੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਸਸਤੀ ਬਿਜਲੀ ਮਿਲ ਸਕੇ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਕੀਤੇ ਐਲਾਨ ਸਬੰਧੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਬਹੁਮਤ ਨਾਲ ਕਾਲੇ ਕਾਨੂੰਨ ਪਾਸ ਕਰਦੀ ਆ ਰਹੀ ਹੈ ਪਰ ਹੁਣ ਕਿਸਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਸੂਬੇ ਅੰਦਰ ਲਿਆਂਦੇ ਗਏ 3 ਕਾਲੇ ਖੇਤੀ ਸੁਧਾਰ ਕਾਨੂੰਨਾਂ ਨੂੰ ਕਿਸੇ ਕੀਮਤ 'ਤੇ ਲਾਗੂ ਨਹੀਂ ਹੋਣ ਦੇਵੇਗੀ। ਜੇ ਮੋਦੀ ਸਰਕਾਰ ਇਸੇ ਤਰ੍ਹਾਂ ਕਿਸਾਨਾਂ ਨਾਲ ਧੱਕਾ ਕਰਦੀ ਰਹੀ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਵੇਗਾ। ਉਨ੍ਹਾਂ ਦਾ ਪ੍ਰਾਈਵੇਟ ਥਰਮਲ ਪਲਾਂਟਾਂ ਅੰਦਰ ਕੋਲੇ ਦੀ ਸਪਲਾਈ ਦਾ ਵਿਰੋਧ ਕਰਨ ਦਾ ਮਕਸਦ ਕੇਂਦਰ ਦੀ ਮੋਦੀ ਸਰਕਾਰ ਨਾਲ ਰਲ ਕੇ ਲੋਕਾਂ ਦਾ ਕਚੂਮਰ ਕੱਢ ਰਹੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰ ਕੇ ਕੇਂਦਰ ਸਰਕਾਰ 'ਤੇ ਖੇਤੀ ਸੁਧਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਬਾਅ ਬਣਾਉਣਾ ਹੈ। ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।