ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ

ਟੈ੍ਫਿਕ ਪੁਲਿਸ ਪਾਤੜਾਂ ਵਲੋਂ 32ਵੇਂ ਸੜਕ ਸੁਰੱਖਿਆ ਮਹੀਨੇ ਦੀ ਸੁਰੂਆਤ ਕੀਤੀ ਗਈ। ਇਸ ਦੌਰਾਨ ਸਮਾਜ ਸੇਵੀ ਸੰਸਥਾ ਸਾਂਝ ਗਲੋਬਲ ਫਾਉਂਡੇਸਨ, ਲਾਈਨਜ ਕਲੱਬ ਅਤੇ ਰੋਟਰੀ ਕਲੱਬ ਪਾਤੜਾਂ ਵੱਲੋਂ ਵਿਸੇਸ ਸਹਿਯੋਗ ਦਿੱਤਾ ਗਿਆ। ਦਿੱਲੀ ਕੌਮੀ ਮੁੱਖ ਮਾਰਗ 'ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਕੀਤੇ ਗਏ ਟ੍ਰੈਫਿਕ ਸੈਮੀਨਾਰ ਦੌਰਾਨ ਵਾਹਨ ਚਾਲਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਵਲੋਂ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਨੇ ਕਿਹਾ ਕਿ ਦਿਨੋਂ ਦਿਨ ਵੱਧਦੀਆਂ ਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਵਾਹਨ ਚਾਲਕਾਂ ਦਾ ਟ੍ਰੈਫਿਕ ਨਿਯਮਾਂ ਤੋਂ ਅਣਜਾਣ ਹੋਣਾ ਹੈ। ਲੋਕਾਂ ਦੇ ਸਹਿਯੋਗ ਦੀ ਪੁਲਿਸ ਪ੍ਰਸਾਸਨ ਨੂੰ ਜਰੂਰਤ ਹੈ ਤਾਂ ਹੀ ਸੜਕੀ ਆਵਾਜਾਈ ਦੀਆਂ ਸਮੱਸਿਆਂਵਾਂ ਦੇ ਵਿੱਚ ਸੁਧਾਰ ਹੋ ਸਕਦਾ ਹੈ। ਇਸ ਮੌਕੇ ਟ੍ਰੈਫਿਕ ਇੰਚਾਰਜ ਹਰਦੇਵ ਸਿੰਘ ਨੇ ਹਾਜਰ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਮਹੀਨਾ ਲੋਕਾਂ ਨੂੰ ਸੜਕ ਆਵਾਜਾਈ ਦੌਰਾਨ ਨਿਯਮਾਂ ਦੀ ਪਾਲਣਾ ਕਰਨ ਅਤੇ ਟ੍ਰੈਫਿਕ ਪੁਲਿਸ ਪ੍ਰਸਾਸਨ ਦਾ ਸਾਥ ਦੇਣ ਲਈ ਲੋਕਾਂ ਨੂੰ ਪ੍ਰਰੇਰਿਤ ਕੀਤਾ ਜਾਵੇ ਤਾਂ ਜੋ ਸੜਕ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਸਾਂਝ ਗਲੋਬਲ ਫਾਉਂਡੇਸਨ ਦੇ ਜਰਨਲ ਸਕੱਤਰ ਗੁਰਪਿਆਰ ਸਿੰਘ ਦਿਉਗੜ੍ਹ ਨੇ ਦੱਸਿਆ ਗਿਆ ਕਿ ਸੰਸਥਾ ਵੱਲੋ ਟ੍ਰੈਫਿਕ ਪੁਲਿਸ ਪ੍ਰਸਾਸਨ ਨੂੰ ਸੜਕ ਸੁਰੱਖਿਆ ਮਹੀਨਾ ਮਨਾਉਣ 'ਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਨਾਲ ਹੀ ਸਕੂਲਾਂ, ਕਾਲਜ਼ਾਂ 'ਚ ਟ੍ਰੈਫਿਕ ਜਾਗਰੂਕਤਾ ਪ੍ਰਰੋਗਰਾਮ ਵੀ ਕਰਵਾਏ ਜਾਣਗੇ। ਇਸ ਮੌਕੇ ਮਾਸਟਰ ਗੁਰਧਿਆਨ ਸਿੰਘ, ਹਰਬੰਸ ਸਿੰਘ ਬੰਗੇ, ਪਿ੍ਰਤਪਾਲ ਕਾਕੜੀਆ, ਸਵਰਨ ਸੁਤਰਾਣਾ ਤੇ ਭੁਪਿੰਦਰਪਾਲ ਸੁਤਰਾਣਾ ਆਦਿ ਹਾਜ਼ਰ ਸਨ।