ਸਟਾਫ ਰਿਪੋਰਟਰ, ਪਟਿਆਲਾ : ਪਟਿਆਲਾ ਪੁਲਿਸ ਦੇ ਤਿੰਨ ਮੁਲਾਜ਼ਮਾਂ ਨੂੰ ਅੱਜ ਮਾੜੇ ਸੇਵਾ ਰਿਕਾਰਡ ਕਾਰਨ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਵੱਲੋਂ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਸਮੇਤ ਮਾੜੇ ਸੇਵਾ ਰਿਕਾਰਡ ਕਰ ਕੇ ਵੱਡੀ ਸਜ਼ਾ ਦਿੱਤੀ ਗਈ ਹੈ। ਬਾਕੀ ਮੁਲਾਜ਼ਮਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੀ ਸੇਵਾ ਦੌਰਾਨ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਕਿਉਂਕਿ ਜਿੱਥੇ ਪੁਲਿਸ ਵੱਲੋਂ ਮਾੜੀ ਕਾਰਗੁਜ਼ਾਰੀ ਬਦਲੇ ਸਜ਼ਾ ਦਿੱਤੀ ਜਾਂਦੀ ਹੈ, ਉਥੇ ਹੀ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਸਮੇਂ-ਸਮੇਂ 'ਤੇ ਇਨਾਮ ਤੇ ਸਨਮਾਨ ਵੀ ਦਿੱਤਾ ਜਾਂਦਾ ਹੈ।

ਐੱਸਐੱਸਪੀ ਨੇ ਦੱਸਿਆ ਕਿ ਪਹਿਲੀ ਫਰਵਰੀ 1992 ਨੂੰ ਭਰਤੀ ਸਿਪਾਹੀ ਸੁਖਵੰਤ ਸਿੰਘ ਲੰਮੇ ਸਮੇਂ ਤੋਂ ਡਿਊਟੀ ਤੋਂ ਗ਼ੈਰਹਾਜ਼ਰ ਸੀ ਤੇ ਇਸ ਦੀ ਸੇਵਾ ਦਾ ਮਾੜਾ ਰਿਕਾਰਡ ਕਰ ਕੇ ਇਸ ਦੀ ਵੱਡੀ ਸਜ਼ਾ ਵਜੋਂ 22 ਸਾਲਾਂ ਦੀ ਸੇਵਾ ਜ਼ਬਤ ਕੀਤੀ ਜਾ ਚੁੱਕੀ। ਇਸੇ ਤਰ੍ਹਾਂ 13 ਸਤੰਬਰ 1989 ਦੇ ਭਰਤੀ ਸਿਪਾਹੀ ਮੱਘਰ ਸਿੰਘ ਦੀ ਸੇਵਾ ਦਾ ਵੀ ਮਾੜਾ ਰਿਕਾਰਡ ਹੋਣ ਕਰ ਕੇ ਇਸ ਨੂੰ ਵੱਡੀ ਸਜ਼ਾ ਦਿੰਦਿਆਂ 27 ਸਾਲਾਂ ਦੀ ਸੇਵਾ ਕੱਟੀ ਜਾ ਚੁੱਕੀ ਸੀ। ਜਦੋਂਕਿ 8 ਸਤੰਬਰ 1994 ਦੇ ਭਰਤੀ ਸਿਪਾਹੀ ਜੋਗਿੰਦਰ ਸਿੰਘ ਨੂੰ ਵੀ ਲੰਬੇ ਸਮੇਂ ਤੋਂ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਅਤੇ ਸੇਵਾ ਦੇ ਮਾੜੇ ਰਿਕਾਰਡ ਕਰਕੇ ਇਸ ਦੀ 29 ਸਾਲਾਂ ਦੀ ਸੇਵਾ ਕੱਟੀ ਜਾ ਚੁੱਕੀ ਸੀ। ਐਸ.ਐਸ.ਪੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੀ ਸਾਲਾਨਾਂ ਤਰੱਕੀ ਤਾਂ ਪਹਿਲਾਂ ਹੀ ਬੰਦ ਸੀ ਅਤੇ ਇਨ੍ਹਾਂ ਦੇ ਮਾੜੇ ਸੇਵਾ ਰਿਕਾਰਡ ਨੂੰ ਵੇਖਦਿਆਂ ਇਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕੀਤਾ ਗਿਆ ਹੈ।