ਮਹਿੰਦਰਪਾਲ ਬੱਬੀ, ਭਾਦਸੋਂ : ਥੋੜਾ ਸਮਾਂ ਪਹਿਲਾਂ ਹੀ ਓਬੀਸੀ ਤੋਂ ਪੰਜਾਬ ਨੈਸ਼ਨਲ ਬੈਂਕ 'ਚ ਜਜਬ ਹੋਈ ਸਥਾਨਕ ਬੈਂਕ ਦੇ ਤਿੰਨ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਉਣ ਨਾਲ ਸ਼ਹਿਰ ਅੰਦਰ ਕੋਰੋਨਾ ਦੇ ਮੁੜ ਦਸਤਕ ਦੇਣ ਦੀ ਖ਼ਬਰ ਹੈ। ਸਿਹਤ ਵਿਭਾਗ ਤੇ ਬੈਂਕ ਦੇ ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਬੈਂਕ ਮੁਲਾਜ਼ਮਾਂ ਨੂੰ ਪੀਐਨਬੀ ਦੇ ਕਾਇਦੇ ਕਾਨੂੰਨ ਸਮਝਾਉਣ ਹਿੱਤ ਇਕ ਹਫ਼ਤੇ ਲਈ ਆਰਜੀ ਮੈਨੇਜਰ ਦੇ ਤੌਰ 'ਤੇ ਪਟਿਆਲਾ ਤੋਂ ਆਏ ਬੈਂਕ ਅਫ਼ਸ਼ਰ ਨੂੰ ਕੋਰੋਨਾ ਦੀ ਸ਼ਿਕਾਇਤ ਆਉਣ ਤੋਂ ਬਾਅਦ ਭਾਦਸੋਂ ਬ੍ਰਾਂਚ ਦੇ ਸਮੂਹ ਮੁਲਾਜ਼ਮਾਂ ਦਾ ਸਥਾਨਕ ਸਰਕਾਰੀ ਹਸਪਤਾਲ ਤੋਂ ਕੋਰੋਨਾ ਰੈਪਿਡ ਟੈਸਟ ਕਰਵਾਇਆ ਗਿਆ ਸੀ।

ਟੈਸਟ ਦੀਆਂ ਰਿਪੋਰਟਾਂ ਆਉਣ 'ਤੇ ਆਨੰਦ ਨਗਰ ਪਟਿਆਲਾ ਤੋਂ ਆਉਂਦੇ ਇਕ ਬੈਂਕ ਮੁਲਾਜ਼ਮ, ਭਾਦਸੋਂ ਦੇ ਵਾਸੀ ਇਕ ਮੁਲਾਜ਼ਮ ਤੇ ਬੈਂਕ 'ਚ ਚਾਹ ਬਨਾਉਣ ਲਈ ਰੱਖੀ ਗਈ ਸਥਾਨਕ ਔਰਤ ਸਮੇਤ ਤਿੰਨ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਐਸਐਮਓ ਭਾਦਸੋਂ ਨੇ ਦੱਸਿਆ ਕਿ ਤਿੰਨੋਂ ਕੋਰੋਨਾ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ 'ਚ ਹੀ ਏਕਾਂਤਵਾਸ ਕੀਤਾ ਗਿਆ ਹੈ, ਜਿਨ੍ਹਾਂ ਦੀ ਸਿਹਤ ਜਾਂਚ ਸਮੇਂ-ਸਮੇਂ 'ਤੇ ਕੀਤੀ ਜਾ ਰਹੀ ਹੈ। ਬੈਂਕ ਅਧਿਕਾਰੀਆਂ ਨੇ ਇਹਤਿਆਤ ਵਜੋਂ ਦੋ ਦਿਨ ਲਈ ਬੈਂਕ ਨੂੰ ਬੰਦ ਕੀਤਾ ਹੈ ਤੇ ਇਨ੍ਹੀ ਦਿਨੀਂ ਬੈਂਕ ਦੇ ਸੰਪਰਕ 'ਚ ਆਏ ਵਿਅਕਤੀਆਂ ਨੂੰ ਅਪਣੇ ਆਪ ਨੂੰ ਏਕਾਂਤਵਾਸ ਹੋਣ 'ਤੇ ਸਿਹਤ ਪਰਖ ਕਰਵਾਉਣ ਦੀ ਸਲਾਹ ਦਿੱਤੀ ਹੈ।

Posted By: Amita Verma