ਐੱਚਐੱਸ ਸੈਣੀ, ਰਾਜਪੁਰਾ : ਨੇੜਲੇ ਪਿੰਡ ਚੰਦੂਆ ਖੁਰਦ ਵਿਚ ਔਰਤ ਨੇ ਆਪਣੇ ਪਤੀ 'ਤੇ ਤੇਲ ਪਾ ਕੇ ਅੱਗ ਲਾ ਦਿੱਤੀ, ਪੀੜਤ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸੰਗੀਨ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ ਮਿ੍ਤਕ ਵਿਅਕਤੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਉਨ੍ਹਾਂ ਦੀ ਨੂੰਹ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ।

ਥਾਣਾ ਸਦਰ ਪੁਲਿਸ ਕੋਲ ਰਤਨ ਲਾਲ ਵਾਸੀ ਪਿੰਡ ਚੰਦੂਆ ਖੁਰਦ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਪੁੱਤਰ ਸੰਜੀਵ ਕੁਮਾਰ (38) ਦਾ ਆਪਣੀ ਪਤਨੀ ਰੋਜ਼ੀ ਨਾਲ ਅਕਸਰ ਘਰੇਲੂ ਝਗੜਾ ਰਹਿੰਦਾ ਸੀ। ਮਰਹੂਮ ਸੰਜੀਵ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਹਨ, ਇਸੇ ਕਰ ਕੇ ਆਪਸੀ ਕਲੇਸ਼ ਰਹਿੰਦਾ ਸੀ। ਬੀਤੀ ਸ਼ਾਮ ਨੂੰ ਔਰਤ ਨੇ ਆਪਣੇ ਪਤੀ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਤੇ ਪੀੜਤ ਦੀ ਮੌਕੇ 'ਤੇ ਮੌਤ ਹੋ ਗਈ। ਜਿਸ 'ਤੇ ਥਾਣਾ ਸਦਰ ਪੁਲਿਸ ਨੇ ਰਤਨ ਲਾਲ ਦੇ ਬਿਆਨਾਂ ਦੇ ਅਧਾਰ 'ਤੇ ਮਿ੍ਤਕ ਵਿਅਕਤੀ ਦੀ ਵਿਧਵਾ ਰੋਜ਼ੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕਰ ਲਿਆ ਹੈ। ਇਸ ਕੇਸ ਵਿਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।