ਜੇਐੱਨਐੱਨ, ਪਟਿਆਲਾ : ਪੰਜਾਬੀ ਫਿਲਮਾਂ ਦੀ ਸ਼ੂਟਿੰਗ ਦੇ ਓਹਲੇ ਹੇਠ ਵਿਦੇਸ਼ ਭੇਜਣ ਲਈ ਖੋਲ੍ਹੀ ਗਈ ਕੰਪਨੀ 9 ਲੋਕਾਂ ਦੇ 89 ਲੱਖ 25 ਹਜ਼ਾਰ ਰੁਪਏ ਠੱਗ ਕੇ ਫ਼ਰਾਰ ਹੋ ਗਈ। ਮੁੰਬਈ ਵਾਸੀ ਮੁਲਜ਼ਮਾਂ ਨੇ ਫਲਕ ਪ੍ਰੋਡਕਸ਼ਨ ਦੇ ਨਾਂ ਨਾਲ ਹੀਰਾ ਨਗਰ ਨੇੜੇ ਕੰਪਨੀ ਖੁੱਲ੍ਹੀ ਸੀ ਜਿਥੇ ਪੀੜਤ ਜੱਗਾ ਸਿੰਘ ਚੀਮਾ ਵਾਸੀ ਰਿਸ਼ੀ ਕਾਲੋਨੀ ਦੀ ਮੁਲਾਕਾਤ ਮੁਲਜ਼ਮ ਜੈਅੰਤ ਗਾਂਗੁਲੀ ਨਾਲ ਹੋਈ।

ਜੈਅੰਤ ਗਾਂਗੁਲੀ ਤੇ ਉਸ ਦੇ ਹਿੱਸੇਦਾਰ ’ਤੇ ਦੋਸ਼ ਹਨ ਕਿ ਇਨ੍ਹਾਂ ਲੋਕਾਂ ਨੇ ਜੱਗਾ ਸਿੰਘ ਚੀਮਾ ਤੇ ਉਸ ਦੇ 8 ਗਾਹਕਾਂ ਨੂੰ ਯੂਰਪ ਭੇਜਣ ਦੇ ਨਾਂ ’ਤੇ ਠੱਗਿਆ ਹੈ। ਠੱਗੀ ਦੇ ਸ਼ਿਕਾਰ ਲੋਕਾਂ ਨੂੰ ਪੰਜਾਬੀ ਫਿਲਮ ‘ਸ਼ਹਿਰ’ ਦੀ ਸ਼ੂਟਿੰਗ ਦੇ ਓਹਲੇ ’ਚ ਯੂਰਪ ਪਹੁੰਚਾਉਣਾ ਸੀ ਜਿਸ ਵਿਚ ਬਤੌਰ ਹੀਰੋ ਰੌਸ਼ਨ ਪ੍ਰਿੰਸ ਨੂੰ ਲੈਣ ਦਾ ਦਾਅਵਾ ਕੀਤਾ ਗਿਆ ਸੀ।

ਸਤੰਬਰ 2019 ’ਚ ਪੈਸੇ ਲਏ ਗਏ ਸਨ ਤੇ ਠੱਗਣ ਦੇ ਬਾਅਦ ਤੋਂ ਕੰਪਨੀ ਬੰਦ ਕਰ ਮੁਲਜ਼ਮ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਪੁਲਿਸ ਨੇ ਜੱਗਾ ਸਿੰਘ ਚੀਮਾ ਦੀ ਸ਼ਿਕਾਇਤ ’ਤੇ ਜੈਅੰਤ ਗਾਂਗੁਲੀ, ਉਸ ਦੇ ਹਿੱਸੇਦਾਰ ਸਿਰਾਜੁਦੀਨ ਅੰਸਾਰੀ ਵਾਸੀ ਓਮ ਹੀਰਾ ਪੰਨਾ ਮਾਲ ਉਸੀਵਾਰਾ ਅੰਦੇਰੀ ਵੈਸਟ ਮੁੰਬਈ ਤੇ ਸਕੇਅਰ ਗਰੁੱਪ, ਸਿਰਾਜੁਦੀਨ ਦੀ ਪਤਨੀ ਰਕਸ਼ੰਦਾ ਵਾਸੀ ਸੈਕਟਰ 91 ਮੋਹਾਲੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ।


ਇੰਝ ਬੁਣਿਆ ਠੱਗੀ ਦਾ ਜਾਲ

ਜੱਗਾ ਸਿੰਘ ਚੀਮਾ ਨੇ ਦੱਸਿਆ ਕਿ ਉਸ ਦਾ ਮਰੀਨ ਸਟੂਡੈਂਟਸ ਵੀਜ਼ਾ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਦੇ ਨਾਂ ਨਾਲ ਸੈਕਟਰ 34 ਏ ਚੰਡੀਗੜ੍ਹ ਵਿਚ ਇਮੀਗ੍ਰੇਸ਼ਨ ਦਾ ਕੰਮ ਹੈ। ਉਸ ਦੀ ਮੁਲਾਕਾਤ ਜੈਅੰਤ ਗਾਂਗੁਲੀ ਨਾਲ ਹੋਈ ਸੀ, ਉਹ ਫਿਲਮ ਪ੍ਰੋਡਕਸ਼ਨ ਦੇ ਨਾਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ।

ਜੈਅੰਤ ਨੇ ਜੱਗਾ ਨੂੰ ਦੱਸਿਆ ਕਿ ਉਸ ਦੀ ਫਲਕ ਪ੍ਰੋਡਕਸ਼ਨ ਦੇ ਇਲਾਵਾ ਬਟਰਫਲਾਈ ਨਾਮੀ ਇਕ ਹੋਰ ਕੰਪਨੀ ਵੀ ਹੈ। ਕੰਪਨੀ ਫਿਲਮਾਂ ਬਣਾਉਣ ਦਾ ਕੰਮ ਕਰਦੀ ਹੈ ਤੇ ਸ਼ੂਟਿੰਗ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜ ਦਿੰਦੇ ਹਨ। ਉਸ ਦੀ ਨਵੀਂ ਫਿਲਮ ਬਣ ਰਹੀ ਹੈ ਜਿਸ ਦਾ ਨਾਂ ਸ਼ਹਿਰ ਹੈ।

ਇਸ ਫਿਲਮ ਵਿਚ ਪੰਜਾਬੀ ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਹੀਰੋ ਹੋਣਗੇ ਤੇ ਰੌਸ਼ਨ ਪਿ੍ਰੰਸ ਨਾਲ ਮੋਹਾਲੀ ਵਿਚ ਮੀਟਿੰਗ ਵੀ ਕਰਵਾਈ ਸੀ ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਦੇ ਮੋਬਾਈਲ ਵਿਚ ਮੌਜੂਦ ਹਨ। ਮੁਲਜ਼ਮ ਵੱਖ-ਵੱਖ ਨਾਮੀ ਕਲਾਕਾਰਾਂ ਨਾਲ ਫਿਲਮਾਂ ਦੀ ਸ਼ੂਟਿੰਗ ਕਰਨ ਦਾ ਦਾਅਵਾ ਕਰਦੇ ਸਨ ਜਿਸ ’ਤੇ ਭਰੋਸਾ ਕਰ ਕੇ ਉਨ੍ਹਾਂ ਨੇ ਮੁਲਜ਼ਮ ਨੂੰ ਇਕ ਹੀ ਦਿਨ ਵਿਚ 18 ਲੱਖ ਰੁਪਏ ਤੋਂ ਵੱਧ ਆਨਲਾਈਨ ਅਦਾਇਗੀ ਕਰ ਦਿੱਤੀ। ਉਨ੍ਹਾਂ ਆਪਣੇ ਭਰਾ ਤੇ 8 ਗਾਹਕਾਂ ਦੀ ਡੀਲਿੰਗ ਕਰਦੇ ਹੋਏ ਪਾਸਪੋਰਟ ਤੇ ਦਸਤਾਵੇਜ਼ ਸੌਂਪ ਦਿੱਤੇ। ਜੱਗਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਫਿਲਮ ਸ਼ੂਟਿੰਗ ਦੇ ਬਹਾਨੇ ਹੀਰੋ ਨੂੰ ਬੁਲਾ ਕੇ ਮੀਟਿੰਗ ਕਰਵਾਉਂਦੇ ਹੋਏ ਪੈਸੇ ਲੈ ਲਏ ਜਦਕਿ ਕਲਾਕਾਰ ਨੂੰ ਇਸ ਬਾਰੇ ਭਿਣਕ ਤਕ ਨਹੀਂ ਸੀ। ਸ਼ੂਟਿੰਗ ਦੀਆਂ ਸਾਰੀਆਂ ਤਿਆਰੀਆਂ ਵੇਖ ਭਰੋਸਾ ਹੋਇਆ ਸੀ ਤੇ ਪੰਜ ਲੋਕਾਂ ਦੇ ਵੀਜ਼ੇ ਵੀ ਲੱਗੇ ਸੀ ਪਰ ਏਅਰਪੋਰਟ ਅਥਾਰਿਟੀ ਨਾ ਇਨ੍ਹਾਂ ਪੰਜਾਂ ਨੂੰ ਕਰਾਸ ਲਾ ਕੇ ਮੋੜ ਦਿੱਤਾ ਸੀ।


ਪੈਸੇ ਮੰਗਣ ’ਤੇ ਦਿੱਤੀਆਂ ਧਮਕੀਆਂ

ਜੱਗਾ ਸਿੰਘ ਨੇ ਦੱਸਿਆ ਕਿ ਲਾਕਡਾਊਨ ਤੇ ਕਰਫਿਊ ਖਤਮ ਹੋਣ ਦੇ ਬਾਅਦ ਸਾਲ 2021 ਵਿਚ ਇਨ੍ਹਾਂ ਮੁਲਜ਼ਮਾਂ ਤੋਂ ਆਪਣਾ ਪੈਸਾ ਮੰਗਿਆ ਤਾਂ ਅੰਸਾਰੀ ਨੇ ਸਾਫ ਨਾਂਹ ਕਰਦੇ ਹੋਏ ਕਿਹਾ ਕਿ ਗਾਂਗੁਲੀ ਤੋਂ ਪੈਸੇ ਮੰਗੋ। ਦੋਵੇਂ ਹੀ ਪੈਸੇ ਮੋੜਨ ਤੋਂ ਟਾਲ਼ਾ ਵੱਟਣ ਲੱਗੇ।

ਗਾਂਗੁਲੀ ਨੇ ਤਾਂ ਦੋ ਲੱਖ ਤੋਂ ਵੱਧ ਨਕਦੀ ਉਧਾਰ ਵੀ ਲਈ ਸੀ ਜਿਸ ਦਾ ਹਿਸਾਬ ਹੀ ਨਹੀਂ ਹੈ। ਜਦੋਂ ਠੱਗੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਪੰਜ ਤੋਂ ਵੱਧ ਵਾਰ ਮੁੰਬਈ ਜਾ ਕੇ ਗੱਲ ਕਰਨੀ ਚਾਹੀ ਪਰ ਇਨ੍ਹਾਂ ਲੋਕਾਂ ਨੇ ਧਮਕਾਉਂਦੇ ਹੋਏ ਮੋੜ ਦਿੱਤਾ। ਇਸ ਕਾਰਨ ਇਕ ਮਹੀਨਾ ਪਹਿਲਾਂ ਹੀ ਪਟਿਆਲਾ ਪੁਲਿਸ ਕੋਲ ਜਾ ਕੇ ਲਿਖਤੀ ਸ਼ਿਕਾਇਤ ਕੀਤੀ ਸੀ।


ਛੇਤੀ ਗਿ੍ਫਤਾਰ ਕੀਤੇ ਜਾਣਗੇ ਮੁਲਜ਼ਮ : ਥਾਣਾ ਇੰਚਾਰਜ

ਥਾਣਾ ਸਿਵਲ ਲਾਈਨ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੜਤਾਲ ਤੋਂ ਬਾਅਦ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ, ਛੇਤੀ ਹੀ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ।

Posted By: Jagjit Singh