ਪੱਤਰ ਪ੍ਰੇਰਕ, ਪਟਿਆਲਾ : ਬਿਜਲੀ ਬੋਰਡ ਦੇ ਮਿ੍ਤਕ ਮੁਲਾਜ਼ਮਾਂ ਦੇ ਪਰਿਵਾਰਿਕ ਮੈਂਬਰ ਨੌਕਰੀ ਦੀ ਮੰਗ ਨੂੰ ਲੈ ਕੇ ਆਯੂਰਵੈਦਿਕ ਹਸਪਤਾਲ ਦੀ ਟੈਂਕੀ ’ਤੇ ਚੜ੍ਹ ਗਏ। ਇਸ ਦੌਰਾਨ ਆਸ਼ਰਿਤ ਦੇ ਵਾਰਸਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਬਲਕਿ ਨੌਕਰੀ ਚਾਹੀਦੀ ਹੈ। ਆਸ਼ਰਿਤ ਮੁਲਾਜ਼ਮ ਜਿਸ ਟੈਂਕੀ ’ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੋਂ ਥੋੜ੍ਹੀ ਕੁ ਦੂਰੀ ’ਤੇ ਹੈ।

ਟੈਂਕੀ ’ਤੇ ਚੜ੍ਹਨ ਤੋਂ ਬਾਅਦ ਆਸ਼ਰਿਤ ਵਾਰਿਸਾਂ ਨੇ ਮੰਗਾਂ ਵਾਲਾ ਪੈਂਫਲੈਟ ਹੇਠਾਂ ਸੁੱਟਦਿਆਂ ਕਿਹਾ ਕਿ ਇਹ ਸਾਡੀਆਂ ਮੰਗਾਂ ਹਨ, ਜਿਸ ਨੂੰ ਪ੍ਰਵਾਨ ਕਰਦੇ ਹੋ ਤਾਂ ਅਸੀਂ ਟੈਂਕੀ ਤੋਂ ਹੇਠਾਂ ਉਤਰ ਆਵਾਂਗੇ। ਆਸ਼ਰਤ ਪਰਿਵਾਰਾਂ ਦੇ ਵਾਰਸਾਂ ਦਾ ਲਗਾਤਾਰ ਧਰਨਾ ਪੰਜਾਬ ਰਾਜ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਉਹ ਬਿਜਲੀ ਬੋਰਡ ’ਚ ਕੰਮ ਕਰਦੇ ਮਿ੍ਤਕ ਮੁਲਾਜ਼ਮਾਂ ਦੇ ਵਾਰਿਸ ਹਨ ਅਤੇ ਸੇਵਾ ਕਾਲ ਦੌਰਾਨ ਮੌਤ ਤੋਂ ਬਾਅਦ ਸਾਨੂੰ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਬੋਰਡ ਆਸ਼ਰਿਤ ਪਰਿਵਾਰ ਦਾ ਬਣਦਾ ਨੌਕਰੀ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਭਵਿੱਖ ’ਚ ਨੌਕਰੀਆਂ ਲਾਗੂ ਹੋਣਗੀਆਂ ਤਾਂ ਉਸ ਸਮੇਂ ਤੁਰੰਤ ਨੌਕਰੀ ਕੇਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2010 ਤੋਂ ਨੌਕਰੀ ’ਤੇ ਲੱਗੀ ਰੋਕ ਬੋਰਡ ਵੱਲੋਂ ਹਟਾ ਦਿੱਤੀ ਗਈ ਅਤੇ ਬਹੁਤ ਸਾਰੇ ਕਰਮਚਾਰੀਆਂ ਨੂੰ ਨੌਕਰੀ ਦੇਣੀ ਸ਼ੁਰੂ ਕੀਤੀ ਗਈ, ਪਰ ਬਹੁਤ ਸਾਰੇ ਕੇਸਾਂ ਨੂੰ ਪੈਂਡਿੰਗ ਰੱਖਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਡੈਥ ਕੇਸਾਂ ਦੇ ਪਰਿਵਾਰਾਂ ਦਾ ਅਜੇ ਤਕ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਵਰਕਾਮ ਲੰਮੇ ਸਮੇਂ ਤੋਂ ਲਾਰੇ ਲਗਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸੋਲੇਸੀਅਮ ਪਾਲਿਸੀ ਖ਼ਤਮ ਕਰਕੇ ਪੰਜਾਬ ਸਰਕਾਰ ਦੀ ਤਰਜ ’ਤੇ 2010 ਤੋਂ ਪਹਿਲਾਂ ਵਾਲੇ ਮਿ੍ਤਕਾਂ ਨੂੰ ਤਰਸ ਦੇ ਆਧਾਰ ’ਤੇ ਸਿਰਫ਼ ਨੌਕਰੀ ਦੇਣ ਲਈ ਬਣਾਈ 2013 ਦੀ ਪਾਲਿਸੀ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਉਦੋਂ ਤਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

Posted By: Jagjit Singh