ਮਹਿੰਦਰਪਾਲ ਬੱਬੀ : ਕੋਵਿਡ 19 ਮਹਾਂਮਾਰੀ ਤੋਂ ਬਚਣ ਲਈ ਜਿੱਥੇ ਵੱਡੇ ਸਹਿਰਾਂ ਦੇ ਲੱਖਾਂ ਡਾਕਟਰ, ਪੁਲਿਸ ਕਰਮੀ ਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਭਰ ਵਿਚ ਦਿਨ ਰਾਤ ਅਪਣੀਆਂ ਡਿਊਟੀਆਂ ਦੇ ਕੇ ਲੋਕਾਂ ਨੂੰ ਬਚਾਉਣ ਵਿਚ ਲੱਗੇ ਹਨ ਉੱਥੇ ਨਿੱਕੇ ਕਸਬਿਆਂ ਤੇ ਪੇਂਡੂ ਖੇਤਰਾਂ ਵਿਚ ਮਾਨਵਤਾ ਦੀ ਸੇਵਾ ਕਰ ਰਹੇ ਦਿਆਨਤਦਾਰ ਲੋਕਾਂ ਦੀ ਘਾਟ ਨਹੀ ਹੈ। ਅਜਿਹਾ ਹੀ ਇਕ ਚਿਹਰਾ ਭਾਦਸੋਂ ਵਿੱਖੇ ਕੁੰਦਰਾ ਹੈਲਥ ਕੇਅਰ ਨਾਂ ਦੀ ਡਾਕਟਰੀ ਸੰਸਥਾ ਚਲਾ ਰਹੇ ਡਾ. ਪ੍ਰਦੀਪ ਕੁੰਦਰਾ ਹਨ ਜੋ ਅਪਣੇ ਮਕੈਨੀਕਲ ਇੰਜੀਨੀਅਰ ਪੁੱਤਰ ਅਤਿਨ ਕੁੰਦਰਾ ਨਾਲ ਮਿਲ ਕੇ ਝੁੱਗੀਆਂ ਝੌਪੜੀਆਂ ਵਾਲੇ, ਖਾਨਾਬਦੋਸ਼ ਤੇ ਅਤਿ ਗ਼ਰੀਬ ਲੋਕਾਂ ਨੂੰ ਡਾਕਟਰੀ ਸੇਵਾਵਾਂ, ਰਾਸ਼ਨ ਤੇ ਦਵਾਈਆਂ ਮੁਫ਼ਤ ਪ੍ਰਦਾਨ ਕਰ ਰਹੇ ਹਨ। ਡਾ. ਪ੍ਰਦੀਪ ਕੁੰਦਰਾ ਨੇ ਹਫ਼ਤਾ ਭਰ ਤੋਂ ਇਲਾਕੇ ਦੇ ਵਟਸਐਪ ਗਰੁੱਪਾਂ, ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਸਾਧਨਾ ਰਾਹੀਂ ਐਲਾਨ ਕੀਤਾ ਹੋਇਆ ਹੈ ਕਿ ਕਿਸੇ ਵੀ ਲੋੜਵੰਦ ਗ਼ਰੀਬ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਦਵਾਈ, ਮੈਡੀਕਲ ਸਹੂਲਤ ਜਾਂ ਰਾਸ਼ਨ ਦੀ ਜ਼ਰੂਰਤ ਹੋਵੇ ਤਾਂ ਉਨ੍ਹਾਂ ਦੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਮੁਫ਼ਤ ਮੈਡੀਕਲ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਅਜਿਹੇ ਵਿਚ ਜੋ ਸਲੱਮ ਏਰੀਆ ਦੇ ਗ਼ਰੀਬ ਲੋਕ ਸੋਸ਼ਲ ਮੀਡੀਆ ਜਾਂ ਫੋਨ ਦੀ ਵਰਤੋਂ ਨਹੀਂ ਕਰਦੇ ਉਨ੍ਹਾਂ ਲਈ ਡਾ. ਪ੍ਰਦੀਪ ਕੁੰਦਰਾ ਤੇ ਅਤਿਨ ਕੁੰਦਰਾ ਦੀ ਟੀਮ ਰੋਜ਼ਾਨਾ ਖੁਦ ਇਨ੍ਹਾਂ ਥਾਵਾਂ ਉੱਤੇ ਪੁੱਜ ਕੇ ਡਾਕਟਰੀ ਸਹਾਇਤਾ ਦੇ ਰਹੀ ਹੈ। ਇਸ ਮੌਕੇ ਗੱਲ ਕਰਦਿਆਂ ਵਿਸ਼ਵ ਦੀ ਮੰਨੀ ਪ੍ਰਮੰਨੀ ਕੰਪਨੀ ਅਰਨਸਟ ਯੰਗ ਵਿਚ ਸੀਨੀਅਰ ਸਲਾਹਕਾਰ ਵੱਜੋਂ ਕੰਮ ਕਰਦੇ ਇੰਜੀਨੀਅਰ ਅਤਿਨ ਕੁੰਦਰਾ ਨੇ ਦੱਸਿਆ ਕਿ ਕੋਵਿਡ 19 ਦੇ ਕਹਿਰ ਨਾਲ ਜਦੋਂ ਪੂਰੀ ਮਾਨਵਤਾ ਖਤਰੇ ਵਿਚ ਜਾਪ ਰਹੀ ਹੈ ਅਜਿਹੇ ਮੌਕੇ ਅਪਣੇ ਲੋਕਾਂ ਤੇ ਸਮਾਜ ਦੀ ਸੇਵਾ ਕਰਕੇ ਉਨ੍ਹਾਂ ਨੂੰ ਬੇਹੱਦ ਸਕੂਲ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਆਮ ਦਿਨਾਂ ਵਿਚ ਵੀ ਡਾਕਟਰੀ ਪੇਸ਼ੇ ਤੋਂ ਇਲਾਵਾ ਕੁੰਦਰਾ ਪਰਿਵਾਰ ਇਲਾਕੇ ਵਿਚ ਵੱਖ-ਵੱਖ ਸਮੇਂ ਮੁਫ਼ਤ ਮੈਡੀਕਲ ਕੈਂਪ, ਖੂਨਦਾਨ ਕੈਂਪ ਤੇ ਲੋੜਵੰਦਾਂ ਦੀ ਕਈ ਢੰਗ ਨਾਲ ਮਦਦ ਕਰਨ ਵਿਚ ਮੋਹਰੀ ਹੋ ਕੇ ਵਿਚਰਦਾ ਹੈ।

Posted By: Sarabjeet Kaur