ਮਹਿੰਦਰਪਾਲ ਬੱਬੀ, ਭਾਦਸੋਂ : ਥਾਣਾ ਸਰਹੰਦ ਦੇ ਪਿੰਡ ਸੰਗਤਪੁਰਾ ਦੇ 28 ਸਾਲਾ ਨੌਜਵਾਨ ਕਰਮਵੰਤ ਸਿੰਘ ਦੀ ਭਾਦਸੋਂ ਨੇੜਲੇ ਬਹਿਬਲਪੁਰ ਵਿਖੇ ਭੇਤਭਰੇ ਘਟਨਾਕ੍ਰਮ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ ਹੈ । ਇਲਾਕੇ ਵਿੱਚ ਮੌਤ ਦਾ ਕਾਰਨ ਸਿੰਥੈਟਕ ਨਸ਼ਾ ਦੱਸੇ ਜਾਣ ਦੀਆਂ ਕਿਆਸਰਾਈਆਂ ਨੂੰ ਮੁੱਢੋਂ ਖਾਰਜ ਕਰਦਿਆਂ ਨੌਜਵਾਨ ਕਰਮਵੰਤ ਸਿੰਘ ਦੇ ਜੀਜਾ ਓਂਕਾਰ ਸਿੰਘ ਸਰਹਿੰਦ ਨੇ ਦੱਸਿਆ ਕਿ ਕਰਮਵੰਤ ਸਿੰਘ ਕੋਈ ਨਸ਼ਾ ਨਹੀਂ ਕਰਦਾ ਸੀ ।

ਮ੍ਰਿਤਕ ਪੰਜ ਪਿੰਡਾਂ ਦੀ ਕੋਆਪਰੇਟਿਵ ਸੁਸਾਇਟੀ ਅਤੇ ਸੰਗਤਪੁਰਾ ਦੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਤੇ ਘਰ ਦਾ ਇਕਲੌਤਾ ਪੁਰਸ਼ ਮੈਂਬਰ ਸੀ। ਥੋੜ੍ਹਾ ਸਮਾਂ ਪਹਿਲਾਂ ਉਸਦੇ ਦਾਦਾ-ਦਾਦੀ ਤੇ ਮਾਤਾ-ਪਿਤਾ ਇਸ ਜਹਾਨ ਤੋਂ ਕੂਚ ਕਰ ਚੁੱਕੇ ਹਨ ਤੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਕਰਮਵੰਤ ਦੇ ਘਰ ਕੇਵਲ ਉਸਦੀ ਪਤਨੀ ਤੇ ਡੇਢ ਕੁ ਸਾਲ ਦੀ ਬੇਟੀ ਰਹਿ ਗਏ ਹਨ । ਓਂਕਾਰ ਸਿੰਘ ਨੇ ਪਿੰਡ ਦੇ ਹੀ ਵਾਸੀ ਗੁਰਪ੍ਰੀਤ ਸਿੰਘ ਉਰਫ ਕਾਲਾ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਬੀਤੇ ਦਿਨੀਂ ਗੁਰਪ੍ਰੀਤ ਮ੍ਰਿਤਕ ਕਰਮਵੰਤ ਸਿੰਘ ਨੂੰ ਦੁਪਿਹਰ 1 ਵਜੇ ਦੇ ਕਰੀਬ ਸ਼ੱਕੀ ਹਾਲਤ ਵਿੱਚ ਘਰੋਂ ਲੈ ਕੇ ਚਲਾ ਗਿਆ । ਜਦੋਂ ਸ਼ਾਮ ਸਾਢੇ 4 ਵਜੇ ਪਰਿਵਾਰ ਨੇ ਕਰਮਵੰਤ ਦੇ ਫੋਨ ਉੱਤੇ ਕਾਲ ਕੀਤੀ ਤਾਂ ਕਿਸੇ ਐਂਬੂਲੈਂਸ ਡਰਾਈਵਰ ਨੇ ਫੋਨ ਚੁੱਕ ਕੇ ਦੱਸਿਆ ਕਿ ਫੋਨ ਨਾਲ ਸਬੰਧਤ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਰਜਿੰਦਰਾ ਹਸਪਤਾਲ ਲਿਜਾਇਆ ਜਾ ਰਿਹਾ ਹੈ ਪਰ ਪਰਿਵਾਰ ਜਦੋਂ 6ਕੁ ਵਜੇ ਰਜਿੰਦਰਾ ਹਸਪਤਾਲ ਪੁੱਜਾ ਤਾਂ ਕਰਮਵੰਤ ਸਿੰਘ ਦੀ ਮੌਤ ਹੋ ਚੁੱਕੀ ਸੀ । ਓਂਕਾਰ ਸਿੰਘ ਨੇ ਮਾਮਲੇ ਦੇ ਵਕੂਏ ਸਬੰਧੀ ਸਪੱਸਟ ਨਾ ਹੋਣ ਕਾਰਨ ਪੁਲਿਸ ‘ਤੇ ਅੱਧੀ ਰਾਤ ਤੱਕ ਰਿਪੋਰਟ ਨਾ ਲਿਖਣ ਦੇ ਦੋਸ਼ ਵੀ ਲਗਾਉਂਦਿਆਂ ਕਿਹਾ ਕਿ ਆਈਜੀ ਪਟਿਆਲਾ ਮੁਖਵਿੰਦਰ ਸਿੰਘ ਛੀਨਾ ਦੇ ਦਖਲ ਨਾਲ ਥਾਣਾ ਭਾਦਸੋਂ ਵੱਲੋਂ ਮਾਮਲੇ ਦੀ ਰਪਟ ਲਿਖੀ ਗਈ ਹੈ।

ਪੁਲਿਸ ਸੂਤਰਾਂ ਅਨੁਸਾਰ, ਸਰਕਾਰੀ ਹਸਪਤਾਲ ਭਾਦਸੋਂ ਵਿਖੇ ਮ੍ਰਿਤਕ ਕਰਮਵੰਤ ਸਿੰਘ ਨੂੰ ਕਿਸੇ ਵਿਅਕਤੀ ਦੁਆਰਾ ਇਹ ਕਹਿ ਕੇ ਦਾਖਲ ਕਰਵਾਇਆ ਗਿਆ ਸੀ ਕਿ ਉਹ ਪਿੰਡ ਸੰਗਤਪੁਰਾ ਤੋਂ ਬਿਮਾਰ ਨੂੰ ਲੈ ਆਇਆ ਹੈ । ਇਸ ਹਿਸਾਬ ਨਾਲ ਕਾਰਵਾਈ ਥਾਣਾ ਸਰਹੰਦ ਵਿੱਚ ਕੀਤੀ ਜਾਣੀ ਸੀ, ਪਰ ਸਰਹੰਦ ਪੁਲਿਸ ਦੁਆਰਾ ਵਕੂਆ ਬਹਿਬਲਪੁਰ ਦਾ ਸਪੱਸਟ ਕੀਤੇ ਜਾਣ ਉਪਰੰਤ ਥਾਣਾ ਭਾਦਸੋਂ ਵਿੱਖੇ ਮਾਮਲਾ ਦਰਜ ਕਰ ਕੇ ਮੌਤ ਦੇ ਅਸਲ ਕਾਰਨਾਂ ਦੀ ਘੋਖ ਕੀਤੀ ਜਾ ਰਹੀ ਹੈ। ਜਲਦੀ ਹੀ ਮਾਮਲਾ ਸਪੱਸ਼ਟ ਕਰ ਦਿੱਤਾ ਜਾਵੇਗਾ।

Posted By: Jagjit Singh