ਜੇਐੱਨਐੱਨ, ਪਟਿਆਲਾ : ਇੱਥੋਂ ਦੇ ਫੁਹਾਰਾ ਚੌਕ ’ਤੇ 18 ਸਤੰਬਰ ਨੂੰ ਮਨਪ੍ਰੀਤ ਕੌਰ ਦਾ ਕਤਲ ਉਸ ਦੇ ਹੈੱਡ ਕਾਂਸਟੇਬਲ ਪਤੀ ਨੇ ਹੀ ਆਪਣੀ ਦੂਜੀ ਪਤਨੀ ਦੇ ਨਾਲ ਮਿਲ ਕੇ ਕੀਤਾ ਸੀ। ਮਨਪ੍ਰੀਤ ਨੂੰ ਟੱਕਰ ਮਾਰਦੇ ਸਮੇਂ ਕਾਰ ’ਚ ਮੁਲਜ਼ਮ ਸੰਦੀਪ ਸਿੰਘ ਦੇ ਨਾਲ ਉਸ ਦੀ ਦੂਜੀ ਪਤਨੀ ਰਮਨਦੀਪ ਕੌਰ ਵੀ ਬੈਠੀ ਸੀ।

ਦੋਵੇਂ ਸੰਗਰੂਰ ਰੋਡ ਸਥਿਤ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਤੋਂ ਹੀ ਮਨਪ੍ਰੀਤ ਦਾ ਪਿੱਛਾ ਕਰ ਰਹੇ ਸਨ। ਜਿਉਂ ਹੀ ਉਹ ਠੀਕਰੀ ਵਾਲਾ ਚੌਕ ’ਤੇ ਉੱਤਰਨ ਤੋਂ ਬਾਅਦ ਫੁਹਾਰਾ ਚੌਕ ਵੱਲ ਵਧੀ, ਉਨ੍ਹਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮਨਪ੍ਰੀਤ ਕੌਰ ਦਾ ਪਰਿਵਾਰ ਪਹਿਲੇ ਦਿਨ ਤੋਂ ਹੀ ਇਸ ਘਟਨਾ ਨੂੰ ਕਤਲ ਦੱਸ ਰਿਹਾ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ।

ਪੁਲਿਸ ਨੇ ਕਾਂਸਟੇਬਲ ਸੰਦੀਪ ਸਿੰਘ ਨਿਵਾਸੀ ਖੇੜੀ ਗਿੱਲਾਂ ਤੇ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁੱਛਗਿੱਛ ’ਚ ਉਨ੍ਹਾਂ ਨੇ ਜੁਰਮ ਕਬੂਲ ਕਰਦੇ ਹੋਏ ਸੱਚਾਈ ਉਗਲ ਦਿੱਤੀ। ਮੁਲਜ਼ਮ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਕਤਲ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ।

ਤਲਾਕ ਕੇਸ ਤੋਂ ਬਾਅਦ ਤੋਂ ਖਫ਼ਾ ਚੱਲ ਰਿਹਾ ਸੀ ਸੰਦੀਪ

ਮਨਪ੍ਰੀਤ ਕੌਰ ਜ਼ਿਲ੍ਹਾ ਪਟਿਆਲਾ ਅਦਾਲਤ ’ਚ ਸਟੈਨੋ ਸੀ, ਜਦੋਂਕਿ ਸੰਦੀਪ ਪੰਜਾਬ ਪੁਲਿਸ ’ਚ ਹੈੱਡ ਕਾਂਸਟੇਬਲ ਹੈ। ਦੋਵਾਂ ਦਾ ਵਿਆਹ 2017 ’ਚ ਹੋਇਆ ਸੀ ਪਰ ਘਰੇਲੂ ਝਗੜੇ ਕਾਰਨ ਸੰਨ 2019 ’ਚ ਮਨਪ੍ਰੀਤ ਨੇ ਪਤੀ ਖ਼ਿਲਾਫ਼ ਦਾਜ ਲਈ ਪਰੇਸ਼ਾਨ ਦਾ ਕੇਸ ਦਰਜ ਕਰਵਾਇਆ ਸੀ। ਦੋਵਾਂ ਦੀ ਕੋਈ ਔਲਾਦ ਨਹੀਂ ਸੀ। ਦਾਜ ਤੇ ਤਲਾਕ ਦਾ ਕੇਸ ਚੱਲਣ ਤੋਂ ਬਾਅਦ ਹੀ ਸੰਦੀਪ ਪਤਨੀ ਤੋਂ ਖਫ਼ਾ ਹੋ ਗਿਆ ਸੀ।

ਇਸ ਦੌਰਾਨ ਉਸ ਦੀ ਮੁਲਾਕਾਤ ਜ਼ਿੰਮੀਦਾਰਾ ਪਰਿਵਾਰ ਦੀ ਰਮਨਦੀਪ ਕੌਰ ਨਾਲ ਹੋ ਗਈ। ਦੋਵਾਂ ਨੇ ਬਾਅਦ ’ਚ ਸੰਗਰੂਰ ਰੋਡ ਸਥਿਤ ਗੁਰਦੁਆਰਾ ਸਾਹਿਬ ’ਚ ਵਿਆਹ ਕਰ ਲਿਆ। ਮਨਪ੍ਰੀਤ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਸਬੂਤ ਇਕੱਠੇ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੀ ਸੀ। ਉੱਥੋਂ ਵਾਪਸ ਆਉਂਦੇ ਸਮੇਂ ਉਸ ਦਾ ਕਤਲ ਕਰ ਦਿੱਤਾ ਗਿਆ।

ਕਾਰ ਚੋਰੀ ਦੀ ਝੂਠੀ ਸ਼ਿਕਾਇਤ ਵੀ ਲਿਖਵਾਈ

ਮੁਲਜ਼ਮ ਨੇ ਕੁਝ ਮਹੀਨੇ ਪਹਿਲਾਂ ਆਪਣੀ ਕਾਰ ਚੋਰੀ ਹੋਣ ਦੀ ਸ਼ਿਕਾਇਤ ਲਿਖਵਾਈ ਸੀ। ਇਸ ਤੋਂ ਬਾਅਦ ਕਾਰ ਨੂੰ ਉਹ ਖ਼ੁਦ ਹੀ ਚਲਾ ਰਿਹਾ ਸੀ। ਇਸ ਕਾਰ ਨਾਲ ਹੀ ਉਸ ਨੇ ਆਪਣੀ ਪਹਿਲੀ ਪਤਨੀ ਨੂੰ ਟੱਕਰ ਮਾਰਨ ਤੋਂ ਬਾਅਦ ਕੁਚਲ ਦਿੱਤਾ ਸੀ। ਕਾਰ ਨੂੰ ਲੈ ਕੇ ਉਹ ਆਪਣੀ ਰਿਹਾਇਸ਼ ਧੀਰੂ ਨਗਰੀ ਤੇ ਹੋਰ ਇਲਾਕਿਆਂ ’ਚ ਅਕਸਰ ਘੁੰਮਦਾ ਰਹਿੰਦਾ ਸੀ। ਇਸ ਕਾਰ ’ਚ ਹੀ ਉਹ ਦੂਜੀ ਪਤਨੀ ਨਾਲ ਸੰਗਰੂਰ ਰੋਡ ਸਥਿਤ ਗੁਰਦੁਆਰਾ ਸਾਹਿਬ ਗਿਆ ਅਤੇ ਵਾਪਸ ਆਉਂਦੇ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ।

ਇੰਜ ਗ੍ਰਿਫ਼ਤ ’ਚ ਆਇਆ ਕਾਤਲ

ਮਨਪ੍ਰੀਤ ਕੌਰ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਨੇ ਇਲਾਕੇ ਤੇ ਆਸਪਾਸ ਦੇ ਕਰੀਬ 25 ਕੈਮਰੇ ਖੰਗਾਲਦੇ ਹੋਏ ਇਨ੍ਹਾਂ ਸਬੂਤਾਂ ਦੇ ਆਧਾਰ ਨੂੰ ਮੁਲਜ਼ਮ ਫੜੇ।

1. ਸੀਸੀਟੀਵੀ ਫੁਟੇਜ ’ਚ ਘਟਨਾ ਹਾਦਸਾ ਨਹੀਂ ਜਾਣਬੁੱਝ ਕੇ ਟੱਕਰ ਮਾਰਨ ਤੇ ਕੁਚਲਣ ਦਾ ਵਿਖਾਈ ਦੇ ਰਿਹਾ ਸੀ।

2. ਸੰਗਰੂਰ ਰੋਡ ਸਥਿਤ ਗੁਰਦੁਆਰਾ ਸਾਹਿਬ ’ਚ ਇਕ ਹੀ ਸਮੇਂ ਮਨਪ੍ਰੀਤ ਤੇ ਦੋਵੇਂ ਮੁਲਾਜ਼ਮਾਂ ਦੀਆਂ ਆਉਣ-ਜਾਣ ਦੀਆਂ ਸੀਸੀਟੀਵੀ ਫੁਟੇਜ।

3. ਗੁਰਦੁਆਰਾ ਸਾਹਿਬ ਤੋਂ ਲੈ ਕੇ ਠੀਕਰੀ ਵਾਲਾ ਚੌਕ ਤਕ ਮੁਲਜ਼ਮ ਦੀ ਕਾਰ ਦਾ ਲਗਾਤਾਰ ਪਿੱਛੇ ਆਉਣ ਦੀ ਸੀਸੀਟੀਵੀ ਫੁਟੇਜ।

4. ਮੁਲਜ਼ਮਾਂ ਦੀ ਮੋਬਾਈਲ ਨੰਬਰ ਦੀ ਲੋਕੇਸ਼ਨ ਘਟਨਾ ਸਥਾਨ ’ਤੇ ਮਿਲਣਾ।

Posted By: Jagjit Singh