ਨਵਦੀਪ ਢੀਂਗਰਾ, ਪਟਿਆਲਾ : ਪੁਲਿਸ ਨੇ ਘਰ ਵਿਚ ਚੱਲ ਰਹੇ ਲਿੰਗ ਜਾਂਚ ਤੇ ਗਰਭਪਾਤ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇਕ ਡਾਕਟਰ ਤੇ ਏਐਨਐਮ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਪਿੰਡ ਚੌਰਾ ਵਿਖੇ ਇਕ ਘਰ ਵਿਚ ਲਿੰਗ ਜਾਂਚ ਤੇ ਗਰਭਪਾਤ ਕਰਨ ਸਬੰਧੀ ਸੂਚਨਾ ਮਿਲੀ ਸੀ। ਥਾਣਾ ਅਰਬਨ ਅਸਟੇਟ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਵਾਲੀ ਪੁਲਿਸ ਟੀਮ ਤੇ ਤਿੰਨ ਮਾਹਰ ਡਾਕਟਰਾਂ ਦੀ ਟੀਮ ਵਲੋਂ ਘਰ ਵਿਚ ਛਾਪਿਆ ਮਾਰਿਆ ਗਿਆ। ਟੀਮ ਵਲੋਂ ਮੌਕੇ 'ਤੇ ਏਐਨਐਮ ਮੀਨਾ ਰਾਣੀ, ਡਾ. ਅਨਿਲ ਕਪੂਰ, ਜਰਨੈਲ ਸਿੰਘ ਤੇ ਰਾਜੀਵ ਕੁਮਾਰ ਉਰਫ ਰਾਜੂ ਨੂੰ ਗ੍ਰਿਫਤਾਰ ਕੀਤਾ ਹੈ। ਘਰ ਵਿਚੋਂ ਅਲਟਰਾਸਾਊਂਡ ਮਸ਼ੀਨ, ਦਵਾਈਆਂ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਗੁਰਬਖਸ਼ ਕਲੋਨੀ ਵਾਸੀ ਡਾ. ਅਨਿਲ ਕਪੂਰ ਦੇ ਘਰ ਦੇ ਬਾਹਰ (ਐਕਸ ਸਰਜਨ) ਐਮ.ਡੀ ਲਿਖਿਆ ਹੋਇਆ ਹੈ ਤੇ ਨਾਲ ਹੀ ਦੁਕਾਨ ਵਿਚ ਕਲੀਨਿਕ ਚਲਾਉਂਦਾ ਹੈ। ਇਸ ਵਲੋਂ ਗਰਭਵਤੀ ਔਰਤਾਂ ਨੂੰ ਪੇਟ ਵਿਚ ਪਲ ਰਹੇ ਬੱਚੇ ਦੀ ਲਿੰਗ ਜਾਂਚ ਲਈ ਮੀਨਾ ਰਾਣੀ ਕੋਲ ਭੇਜਦਾ ਸੀ। ਇਸੇ ਤਰ੍ਹਾਂ ਹੀ ਏਐਨਐਮ ਮੀਨਾ ਰਾਣੀ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਆਪ ਨੂੰ ਇਸ ਲਿੰਗ ਜਾਂਚ ਤੇ ਗਰਭਪਾਤ ਲਈ ਯੋਗਤਾ ਤੇ ਮਾਨਤਾ ਪ੍ਰਾਪਤ ਦੱਸਦੀ ਸੀ। ਮੀਨਾ ਰਾਣੀ ਆਪਣੇ ਸਾਥੀ ਜਰਨੈਨ ਸਿੰਘ, ਰਾਜੀਵ ਕੁਮਾਰ ਉਰਫ ਰਾਜੂ ਨਾਲ ਮਿਲ ਕੇ ਚੌਰਾ ਵਿਖੇ ਇਕ ਘਰ ਵਿਚ ਅਲਟਰਾਸਾਊਂਡ ਮਸ਼ੀਨ ਨਾਲ ਲਿੰਗ ਜਾਂਚ ਕਰਵਾਉਂਦੀ ਸੀ। ਇਨਾਂ ਵਲੋਂ ਜਾਂਚ ਲਈ 40 ਤੋਂ 50 ਹਜ਼ਾਰ ਰੁਪਏ ਲਏ ਜਾਂਦੇ ਸਨ। ਐਨਾ ਹੀ ਨਹੀਂ ਜਾਂਚ ਕਰਨ ਤੋਂ ਬਾਅਦ ਗਰਭਪਾਤ ਕਰਨ ਲਈ ਵੀ ਕਹਿੰਦੇ ਤੇ ਇਸੇ ਲਈ ਵੱਖ ਰਾਸ਼ੀ ਲੈਂਦੇ ਸਨ।

ਏਐਨਐਮ ਖਿਲਾਫ 4 ਮਾਮਲੇ, ਹੁਣ ਸੀ ਡਿਊਟੀ 'ਤੇ

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਏਐਨਐਮ ਮੀਨਾ ਰਾਣੀ ਖਿਲਾਫ ਪਹਿਲਾਂ ਵੀ ਲਿੰਗ ਜਾਂਚ ਤੇ ਗਰਭਪਾਤ ਕਰਨ ਸਬੰਧੀ ਚਾਰ ਮਾਮਲੇ ਦਰਜ ਹਨ। ਮੀਨਾ ਰਾਣੀ ਖਿਲਾਫ ਸਾਲ 2015 ਵਿਚ ਜਿਲ੍ਹਾ ਮੁਕਤਸਰ ਦੇ ਥਾਣਾ ਲੰਬੀ, ਇਸੇ ਸਾਲ ਹੀ ਜਿਲ੍ਹਾ ਪਟਿਆਲਾ ਦੇ ਥਾਣਾ ਪਾਤੜਾ, ਸਾਲ 2018 ਵਿਚ ਅਹਿਮਦਗੜ੍ਹ ਦੇ ਥਾਣਾ ਸਦਰ ਤੇ ਥਾਣਾ ਸਨੌਰ ਵਿਖੇ ਮਾਮਲੇ ਦਰਜ ਹਨ। ਦਿਲਚਸਪ ਹੈ ਕਿ ਵੱਖ ਵੱਖ ਥਾਣਿਆਂ ਵਿਚ ਅਪਰਾਧਕ ਧਰਾਵਾਂ ਤਹਿਤ ਮਾਮਲੇ ਦਰਜ ਹੋਣ ਤੋਂ ਬਾਅਦ ਵੀ ਇਹ ਔਰਤ ਸਿਹਤ ਵਿਭਾਗ ਵਿਚ ਏਐਨਐਮ ਵਜੋਂ ਸੇਵਾਵਾਂ ਨਿਭਾ ਰਹੀ ਸੀ। ਡਿਊਟੀ ਦੌਰਾਨ ਹੀ ਇਸ ਕੋਲ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਸੀ।

ਮਸ਼ੀਨ ਤੇ ਹੋਰ ਸਮਾਨ ਹੋਇਆ ਬਰਾਮਦ

ਪੁਲਿਸ ਟੀਮ ਨੇ ਚੌਰਾ ਵਿਖੇ ਘਰ 'ਚ ਮਾਰੇ ਛਾਪੇ ਦੌਰਾਨ ਇਕ ਅਲਟਰਾਸਾਊਂਟ ਮਸ਼ੀਨ, 12 ਕਿਸਮ ਦੀ ਐਲੋਪੈਥਿਕ ਦਵਾਈ ਜਿਸ ਵਿਚ 703 ਗੋਲੀਆਂ, 150 ਕੈਪਸੂਲ, 19 ਟਿਊਬ ਕਰੀਮ ਤੇ 32 ਟੀਕੇ ਸ਼ਾਮਲ ਹਨ। ਇਸਤੋਂ Îਇਵਾਲਾ ਵੱਖ ਵੱਖ ਮਾਰਕਾ ਦੀਆਂ ਐਯੂਰਵੈਦਿਕ ਸ਼ੀਸ਼ੀਆਂ ਤੇ 10 ਪੀਸ ਕਾਪਰ ਟੀ ਦੇ ਬਰਾਮਦ ਕੀਤੇ ਗਏ ਹਨ।

Posted By: Susheel Khanna