ਸ਼ੰਭੂ ਗੋਇਲ,ਲਹਿਰਾਗਾਗਾ : ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਕਾਰਪੋਰੇਟ ਘਰਾਣਿਆਂ ਦੀਆਂ ਝੋਲੀਆਂ ਭਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ। ਜਿਸ ਨੂੰ ਲਾਗੂ ਕਰਨ ਸਬੰਧੀ ਭਾਜਪਾ ਸਰਕਾਰ ਤਰਲੋ ਮੱਛੀ ਹੋ ਰਹੀ ਹੈ ਪਰ ਇਹ ਕਾਨੂੰਨ ਕਦਾਚਿਤ ਵੀ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਸੂਬਾ ਸਿੰਘ ਸੰਗਤਪੁਰਾ ਨੇ ਲਹਿਰਾਗਾਗਾ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ ਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਪਾਸ ਹੋ ਜਾਣ 'ਤੇ ਹਰੇਕ ਵਰਗ ਨਪੀੜਿਆ ਜਾਵੇਗਾ। ਜਿਸ ਕਰਕੇ ਹੀ ਅੱਜ ਇਹ ਕਿਸਾਨ ਅੰਦੋਲਨ ਨਾ ਹੋ ਕੇ ਜਨ-ਜਨ ਦਾ ਅੰਦੋਲਨ ਬਣ ਚੁੱਕਿਆ ਹੈ। ਇਸ ਲਈ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਪੰਜਾਬ ਅਤੇ ਦਿੱਲੀ ਅੰਦਰ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ। ਅੱਜ ਸਟੇਜ ਦੀ ਕਾਰਵਾਈ ਕਿਸਾਨ ਅੌਰਤਾਂ ਨੇ ਸੰਭਾਲੀ ਤੇ ਜੋਸ਼ੀਲੇ ਨਾਅਰਿਆਂ ਰਾਹੀਂ ਹਾਜ਼ਰ ਇਕੱਠ ਅੰਦਰ ਜੋਸ਼ ਭਰਿਆ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ, ਰਾਮ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਨਿਮਾ ਸਿੰਘ ਗਾਗਾ, ਦਰਸ਼ਨ ਸਿੰਘ ਖਾਈ, ਮਹਿੰਦਰ ਸਿੰਘ ਨੰਗਲਾ, ਕਰਮਜੀਤ ਕੌਰ ਭੁਟਾਲ ਕਲਾ, ਪਰਮਜੀਤ ਕੌਰ ਪਿਸ਼ੌਰ ਅਤੇ ਹੋਰ ਆਗੂ ਹਾਜ਼ਰ ਸਨ।