ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ: ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਕਲਵਾ ਵਿਖੇ ਬੀਤੀ ਅੱਧੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਘਰ ਦਾ ਦਰਵਾਜ਼ਾ ਖੁਲ੍ਹਵਾ ਕੇ ਬਾਹਰ ਆਏ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ 'ਤੇ ਘੱਗਾ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਐਸਪੀਡੀ ਪਟਿਆਲਾ ਪਲਵਿੰਦਰ ਸਿੰਘ ਚੀਮਾ, ਡੀਐੱਸਪੀਡੀ ਹਰਮੀਤ ਸਿੰਘ ਹੁੰਦਲ, ਡੀਐੱਸਪੀ ਡੀ ਕ੍ਰਿਸ਼ਨ ਕੁਮਾਰ ਪੈਂਥੇ ਸਮੇਤ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਥਾਣਾ ਘੱਗਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਕਲਵਾਣੂ ਵਾਸੀ ਤਰਸੇਮ ਸਿੰਘ (40 ਸਾਲ) ਦੇ ਘਰ ਦਾ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਕਿਸੇ ਨੇ ਦਰਵਾਜ਼ਾ ਖੜਕਾਇਆ, ਜਿਸਤੇ ਉਸ ਵੱਲੋਂ ਦਰਵਾਜ਼ਾ ਖੋਲ੍ਹੇ ਜਾਣ ਤੇ ਅਣਪਛਾਤੇ ਵਿਅਕਤੀਆਂ ਵਲੋਂ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਰਾਤ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਨ੍ਹਾਂ ਨੂੰ ਲੱਗਾ ਕਿ ਪਿੰਡ ਵਿਚ ਹੋ ਰਹੇ ਵਿਆਹ ਵਿਚ ਕੋਈ ਪਟਾਕਾ ਚੱਲਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਘਟਨਾ ਸਬੰਧੀ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਤਰਸੇਮ ਦਾ ਕਦੇ ਕਿਸੇ ਨਾਲ ਲੜਾਈ- ਝਗੜਾ ਨਹੀਂ ਸੁਣਿਆ ਗਿਆ।

ਥਾਣਾ ਘੱਗਾ ਮੁਖੀ ਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਪਰ ਹਾਲੇ ਤਕ ਕਿਸੇ ਵੀ ਤਰ੍ਹਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।

Posted By: Jagjit Singh