ਸੀਨੀਅਰ ਰਿਪੋਰਟਰ, ਪਟਿਆਲਾ : ਨਗਰ ਨਿਗਮ ਵੱਲੋਂ ਸ਼ਹਿਰ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਰੈਣ ਬਸੇਰੇ ਬਣਾਏ ਗਏ ਹਨ ਤਾਂ ਜੋ ਬੇਘਰੇ ਲੋਕਾਂ ਦਾ ਠੰਢ ਤੋਂ ਬਚਾਅ ਹੋ ਸਕੇ। ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈਏਐੱਸ) ਅਨੁਸਾਰ ਇਸ ਵਾਰ ਤਿੰਨ ਰੈਣ ਬਸੇਰਿਆਂ ਲਈ 19 ਲੱਖ 19 ਹਜ਼ਾਰ ਰੁਪਏ ਦਾ ਬਜਟ ਰੱਖਿਆ ਗਿਆ ਸੀ ਪਰ ਨਿਗਮ ਨੇ ਤਿੰਨ ਰੈਣ ਬਸੇਰਿਆਂ ਦਾ ਠੇਕਾ 13 ਲੱਖ 17 ਹਜ਼ਾਰ ਰੁਪਏ ਵਿਚ 30 ਫੀਸਦੀ ਘੱਟ ਵਿਚ ਜਾਰੀ ਕਰ ਦਿੱਤਾ ਹੈ। ਲੋੜਵੰਦ ਲੋਕ ਮਾਲ ਰੋਡ 'ਤੇ ਸ੍ਰੀ ਕਲਾ ਮਾਤਾ ਮੰਦਰ ਨੇੜੇ, ਬੱਸ ਸਟੈਂਡ ਨੇੜੇ ਫਲਾਈ ਓਵਰ ਬਿ੍ਜ ਦੇ ਹੇਠਾਂ ਅਤੇ ਖੰਡਾ ਚੌਕ ਨੇੜੇ ਬਣਾਏ ਰੈਣ ਬਸੇਰਿਆਂ ਵਿਚ ਰਹਿਣ ਲੱਗ ਪਏ ਹਨ। 75 ਦਿਨਾਂ ਲਈ ਬਣਾਏ ਗਏ ਰੈਣ ਬਸੇਰਿਆਂ ਵਿਚ ਹਰ ਸਮੇਂ ਇਕ ਕਰਮਚਾਰੀ ਤਾਇਨਾਤ ਹੁੰਦਾ ਹੈ, ਜੋ ਰੈਣ ਬਸੇਰੇ ਵਿਚ ਆਉਣ ਵਾਲੇ ਵਿਅਕਤੀ ਦਾ ਵੇਰਵਾ ਇਕ ਰਜਿਸਟਰ ਵਿਚ ਦਰਜ ਕਰਦਾ ਹੈ।

ਨਿਗਮ ਕਮਿਸ਼ਨਰ ਅਨੁਸਾਰ ਹਰ ਰੈਣ ਬਸੇਰੇ ਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰੇ ਲਗਾਉਣ ਦੇ ਨਾਲ-ਨਾਲ ਗਰਮ ਬਿਸਤਰੇ, ਹੀਟਰ, ਪੀਣ ਵਾਲੇ ਪਾਣੀ ਆਦਿ ਦੀ ਜ਼ਰੂਰਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਸ਼ੈਲਟਰ ਦੇ ਨੇੜੇ ਬਣੇ ਸਰਕਾਰੀ ਪਖਾਨਿਆਂ ਨੂੰ ਧਿਆਨ ਵਿਚ ਰੱਖਦਿਆਂ ਹਰੇਕ ਰੈਣ ਬਸੇਰੇ ਲਈ ਸਥਾਨ ਦੀ ਚੋਣ ਕੀਤੀ ਗਈ ਹੈ। ਤਿੰਨ ਵਾਟਰ ਪਰੂਫ ਰੈਣ ਬਸੇਰਿਆਂ ਤੋਂ ਇਲਾਵਾ ਰਾਜਪੁਰਾ ਰੋਡ ਦੇ ਕੰਢੇ ਸਥਿਤ ਰਾਜਿੰਦਰਾ ਝੀਲ ਅਤੇ ਰੋਜ਼ ਗਾਰਡਨ ਵਿਖੇ ਪਹਿਲਾਂ ਹੀ ਪੱਕੇ ਰੈਣ ਬਸੇਰੇ ਸਥਾਪਿਤ ਹਨ। ਇਨਾਂ੍ਹ ਸਾਰੇ ਸ਼ੈਲਟਰਾਂ ਵਿਚ ਲਗਭਗ 225 ਲੋਕਾਂ ਦੀ ਰਿਹਾਇਸ਼ ਹੈ। ਧਾਰਮਿਕ ਸਥਾਨਾਂ ਦੇ ਬਾਹਰ ਡੇਰੇ ਲਾਏ ਹੋਏ ਭਿਖਾਰੀਆਂ ਨੂੰ ਰੈਣ ਬਸੇਰਿਆਂ ਵਿਚ ਜਾਣ ਲਈ ਸੂਚਿਤ ਕੀਤਾ ਗਿਆ ਹੈ ਪਰ ਜੇਕਰ ਉਹ ਇਕ ਹਫ਼ਤੇ ਦੇ ਅੰਦਰ ਰੈਣ ਬਸੇਰਿਆਂ ਵਿਚ ਨਹੀਂ ਜਾਂਦੇ ਤਾਂ ਉਨਾਂ੍ਹ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਣ ਬਸੇਰਿਆਂ ਵਿਚ ਭੇਜਿਆ ਜਾਵੇਗਾ। ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੋ ਵੀ ਵਿਅਕਤੀ ਭਿਖਾਰੀਆਂ ਨੂੰ ਭੋਜਨ ਤੋਂ ਇਲਾਵਾ ਕਿਸੇ ਵੀ ਤਰਾਂ੍ਹ ਦਾ ਦਾਨ ਦੇਣਾ ਚਾਹੁੰਦਾ ਹੈ, ਉਹ ਧਾਰਮਿਕ ਸਥਾਨਾਂ ਦੀ ਬਜਾਏ ਰੈਣ ਬਸੇਰਿਆਂ ਵਿਚ ਜਾ ਕੇ ਲੋੜਵੰਦਾਂ ਦੀ ਮਦਦ ਕਰ ਕੇ ਨਿਗਮ ਨੂੰ ਸਹਿਯੋਗ ਕਰ ਸਕਦਾ ਹੈ।