ਐੱਚਐੱਸ ਸੈਣੀ, ਰਾਜਪੁਰਾ : ਇਥੋਂ ਦੇ ਮਿੰਨੀ ਸਕੱਤਰੇਤ ਵਿਖੇ ਅੱਜ ਗੌਰਮਿੰਟ ਟੀਚਰ ਯੂਨੀਅਨ ਪਟਿਆਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਵਿਚ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਅਧਿਆਪਕਾਂ ਦੀਆਂ ਸ਼ੰਭੂ ਬਾਰਡਰ 'ਤੇ ਡਿਊਟੀਆਂ ਲਾਉਣ ਦੀ ਨਿਖੇਧੀ ਕੀਤੀ ਗਈ।

ਇਸ ਮੌਕੇ ਜੀਟੀਯੂ ਪਟਿਆਲਾ ਦੇ ਸਰਪ੍ਰਸਤ ਰਣਜੀਤ ਸਿੰਘ ਮਾਨ ਨੇ ਕਿਹਾ ਕਿ ਇਕ ਪਾਸੇ ਸਕੂਲਾਂ ਵਿਚ ਦਾਖਲੇ ਚੱਲ ਰਹੇ ਹਨ ਤੇ ਅਧਿਆਪਕਾਂ ਨੂੰ ਦਾਖਲੇ ਵਧਾਉਣ ਦਾ ਟੀਚਾ ਦਿੱਤਾ ਗਿਆ ਹੈ। ਇਸ ਤਹਿਤ ਅਧਿਆਪਕਾਂ ਨੂੰ ਇਸ ਕੋਰੋਨਾ ਮਹਾਮਾਰੀ ਦੇ ਸਿਖ਼ਰਲੇ ਦੌਰ ਵਿਚ ਘਰ ਘਰ ਜਾ ਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲੇ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਕਾਰਨ ਬਹੁਤ ਸਾਰੇ ਅਧਿਆਪਕ ਕੋਰੋਨਾ ਸੰਕਰਮਣ ਤੋਂ ਪੀੜਤ ਵੀ ਹੋ ਰਹੇ ਹਨ। ਉਥੇ ਨਾਲ ਨਾਲ ਸਕੂਲਾਂ ਵਿਚ ਕਿਤਾਬਾਂ, ਰਾਸ਼ਨ ਅਦਿ ਵੰਡਿਆ ਜਾ ਰਿਹਾ ਹੈ ਤੇ ਨਾਲ ਹੀ ਬੱਚਿਆਂ ਦੀ ਆਨਲਾਈਨ ਪੜ੍ਹਾਈ ਚੱਲ ਰਹੀ ਹੈ। ਅਧਿਆਪਕ ਬੱਚਿਆਂ ਨੂੰ ਵੱਖ-ਵੱਖ ਸੋਸ਼ਲ ਪਲੇਟਫਾਰਮ ਜ਼ੂਮ ਐਪ ਤੇ ਯੂ-ਟਿਊਬ ਚੈਨਲਾਂ ਰਾਹੀਂ ਜਮਾਤਾਂ ਲਾ ਕੇ ਪੜ੍ਹਾ ਰਹੇ ਹਨ। ਜੇ ਇਸ ਸਮੇਂ ਅਧਿਆਪਕਾਂ ਦੀਆਂ ਡਿਊਟੀਆਂ ਕੋਵਿਡ ਵਿਚ ਸ਼ੰਭੂ ਬੈਰੀਅਰ 'ਤੇ ਲਾਈਆਂ ਜਾਂਦੀਆਂ ਹਨ। ਇਸ ਨਾਲ ਦਾਖਲੇ ਅਤੇ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪਵੇਗਾ। ਅਧਿਆਪਕ ਆਗੂਆਂ ਨੇ ਅਫਸੋਸ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਕੋਰੋਨਾ ਦੌਰ ਵਿਚ ਫਰੰਟ ਲਾਈਨ ਡਿਊਟੀ ਕਰ ਰਹੇ ਹਨ ਪਰ ਅਜੇ ਤਕ ਸਰਕਾਰ ਵੱਲੋਂ ਅਧਿਆਪਕਾਂ ਨੂੰ ਕੋਰੋਨਾ ਵਾਰੀਅਰ ਨਹੀਂ ਐਲਾਨਿਆ ਗਿਆ। ਇਸ ਲਈ ਜਥੇਬੰਦੀ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਹੈ ਕਿ ਅਧਿਆਪਕਾਂ ਨੂੰ ਅਜਿਹੀਆਂ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਨਿਰਵਿਘਨ ਚੱਲਦੀ ਰਹੇ ਤੇ ਸਰਕਾਰੀ ਸਕੂਲਾਂ ਦੇ ਦਾਖਲਿਆਂ 'ਤੇ ਵੀ ਕੋਈ ਪ੍ਰਭਾਵ ਨਾ ਪਵੇ। ਮੀਟਿੰਗ ਵਿਚ ਪਰਮਜੀਤ ਸਿੰਘ ਪਟਿਆਲਾ, ਸੰਦੀਪ ਕੁਮਾਰ ਰਾਜਪੁਰਾ, ਕੰਵਲ ਨੈਨ, ਨਿਰਭੈ ਸਿੰਘ, ਹਿੰਮਤ ਸਿੰਘ ਖੋਖ, ਜਸਵਿੰਦਰ ਸਿੰਘ, ਭੀਮ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਵਿਕਾਸ ਸਹਿਗਲ, ਜਗਪ੍ਰਰੀਤ ਸਿੰਘ, ਰਾਜਿੰਦਰ ਸਿੰਘ, ਅਮਿਤ, ਡਾ. ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਦੀਪਕ ਕੁਮਾਰ, ਰਾਜਿੰਦਰ ਸਿੰਘ, ਰਵਿੰਦਰ ਸਿੰਘ ਬੈਦਵਾਨ, ਹਰਪ੍ਰਰੀਤ ਸਿੰਘ ਉੱਪਲ, ਸਵਿਪ੍ਰਰੀਤ, ਮੋਹਨ ਲਾਲ, ਟਹਿਲਬੀਰ ਸਿੰਘ, ਗੁਰਪ੍ਰਰੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।