ਐੱਚਐੱਸ ਸੈਣੀ, ਰਾਜਪੁਰਾ : ਸ਼ੋ੍ਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਪਟਿਆਲਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਰਾਜਪੁਰਾ ਦੀ ਅਨਾਜ ਮੰਡੀ ਦੌਰਾ ਕੀਤਾ। ਇਸ ਮੌਕੇ ਸਰਕਾਰੀ ਪ੍ਰਬੰਧਕਾਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਮੰਡੀ ਅਤੇ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬਾਰਦਾਨਾ ਨਾ ਪੁੱਜਣ ਦਾ ਕਾਰਨ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਧਰਨੇ ਇਸ ਗੱਲ ਦੀ ਗਵਾਈ ਦਿੰਦੇ ਹਨ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ। ਰੱਖੜਾ ਨੇ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿਚ ਪੁੱਜ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕੋਰੋਨਾ ਦਾ ਬਹਾਨਾ ਲਾ ਕੇ ਮੁੱਖ ਮੰਤਰੀ ਕੈਪਟਨ ਆਪਣੇ ਸਰਕਾਰੀ ਬੰਗਲੇ ਵਿਚੋਂ ਬਾਹਰ ਨਹੀਂ ਆ ਰਹੇ ਹਨ, ਉਥੇ ਹੀ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਦਫਤਰ ਬੈਠਣ ਨੂੰ ਤਰਜੀਹ ਦਿੰਦਾ ਹੈ ਅਤੇ ਇਕ ਦਿਨ ਵੀ ਕਿਸੇ ਵੀ ਮੰਡੀ 'ਚ ਸਥਿਤੀ ਵੇਖਣ ਨਹੀਂ ਪੁੱਜਿਆ।

ਰੱਖੜਾ ਨੇ ਕਿਹਾ ਕਿ ਇਕ ਤਾਂ ਸਰਕਾਰ ਨੇ 1 ਅਪ੍ਰਰੈਲ ਦੀ ਬਜਾਏ ਖਰੀਦ 10 ਅਪ੍ਰਰੈਲ ਨੂੰ ਕੀਤੀ, ਦੂਸਰਾ ਫਸਲੀ ਸੀਜ਼ਨ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਸਕਿਆ। ਇਸ ਮੌਕੇ ਸੁਰਜੀਤ ਸਿੰਘ ਅਬਲੋਵਾਲ, ਜਥੇਦਾਰ ਸੁਰਜੀਤ ਸਿੰਘ ਗੜ੍ਹੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਰਣਜੀਤ ਸਿੰਘ ਰਾਣਾ ਸ਼ਹਿਰੀ ਪ੍ਰਧਾਨ, ਬਲਵਿੰਦਰ ਕੌਰ ਚੀਮਾ, ਜਸਵਿੰਦਰ ਸਿੰਘ ਜੈਲਦਾਰ, ਜਗੀਰ ਸਿੰਘ ਪਹਿਰ, ਮੰਗਤ ਸਿੰਘ ਆਦਿ ਵੀ ਮੌਜੂਦ ਸਨ।