ਗੁਰਿੰਦਰਜੀਤ ਸਿੰਘ ਸੋਢੀ, ਨਾਭਾ : ਨਾਭਾ ਸ਼ਹਿਰ ਦੇ ਜੰਮਪਲ ਸੁਖਵੀਰ ਸਿੰਘ ਗਰੇਵਾਲ ਨੇ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਬੀਤੇ ਦਿਨੀਂ ਹੋਈ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਕੱਪ ਵਿਚ ਹਿੱਸਾ ਲੈ ਕੇ ਓਵਰਆਲ ਟਰਾਫ਼ੀ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਨਾਲ ਜਿੱਥੇ ਉਸਨੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਉੱਥੇ ਨਾਭਾ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂ ਵੀ ਚਮਕਾਇਆ। ਇਸਦੇ ਨਾਲ ਹੀ ਸੁਖਵੀਰ ਨੇ ਮਿਸਟਰ ਮੈਲਬੋਰਨ ਦਾ ਖ਼ਿਤਾਬ ਵੀ ਆਪਣੇ ਨਾਂ ਕੀਤਾ।

ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਮਿਸਟਰ ਯੂਨੀਵਰਸ ਦੇ ਹੋਣ ਵਾਲੇ ਮੁਕਾਬਲਿਆਂ ਲਈ ਮੈਲਬੋਰਨ ਵੱਲੋਂ ਕੋਚ ਵੀ ਨਿਯੁਕਤ ਕੀਤਾ ਗਿਆ ਹੈ। ਸੁਖਵੀਰ ਨੇ ਫ਼ੋਨ 'ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਮੈਲਬੋਰਨ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਬਾਡੀ ਬਿਲਡਿੰਗ ਉਸ ਦਾ ਪਿਛਲੇ 12 ਸਾਲਾਂ ਤੋਂ ਸ਼ੌਕ ਹੈ ਜੋ ਕਿ ਉਸਨੇ ਆਸਟਰੇਲੀਆ ਆ ਕੇ ਵੀ ਜਾਰੀ ਰੱਖਿਆ। ਉਸਨੇ ਪੜ੍ਹਾਈ ਦੇ ਨਾਲ ਨਾਲ ਰਾਤ ਦੀ ਸ਼ਿਫ਼ਟ ਵਿਚ ਕੰਮ ਵੀ ਕੀਤਾ। ਉਸ ਦੀ ਇਸ ਪ੍ਰਾਪਤੀ ਨਾਲ ਨਾਭੇ ਦੇ ਦੋਸਤ ਜਸਵੀਰ ਸਿੰਘ ਮਾਲਕ ਜੱਸੀ ਜਿੰਮ ਨੇ ਖੁਸ਼ੀ ਵਿਚ ਲੱਡੂ ਵੰਡੇ ਅਤੇ ਦੋਸਤਾਂ ਰਿਸ਼ਤੇਦਾਰਾਂ ਨੇ ਵੀ ਖੁਸ਼ੀ ਮਨਾਈ।