ਮਹਿੰਦਰਪਾਲ ਬੱਬੀ, ਭਾਦਸੋਂ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਭਾਦਸੋਂ ਸਰਕਲ ਦਿਹਾਤੀ ਪ੍ਰਧਾਨ ਗੁਰਬਚਨ ਸਿੰਘ ਨਾਨੋਕੀ ਨੇ ਪਾਰਟੀ ਛੱਡ ਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਨਾਨੋਕੀ ਨੂੰ ਪਾਰਟੀ ਜੁਆਇੰਨ ਕਰਵਾਉਣ ਲਈ ਪਿੰਡ ਨਾਨੋਕੀ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਵਿਸ਼ੇਸ਼ ਕਰ ਕੇ ਸੁਖਬੀਰ ਬਾਦਲ ਵੱਲੋਂ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦਿੱਤੇ ਜਾਣ ਤੋਂ ਦੁਖੀ ਹੋ ਕੇ ਅਨੇਕਾਂ ਸਿੱਖ ਸੰਸਥਾਵਾਂ, ਸਿੱਖ ਫੈਡਰੇਸ਼ਨਾਂ, ਵੱਖ-ਵੱਖ ਜੱਥੇਬੰਦੀਆਂ ਤੇ ਕਈ ਵੱਡੇ ਸਿਆਸੀ ਆਗੂ ਉਨ੍ਹਾਂ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇੰਨ ਕਰਨ ਲਈ ਸੰਪਰਕ 'ਚ ਹਨ ਪਰ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਦਿਆਂ ਤਰਤੀਬਵਾਰ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।

ਢੀਂਡਸਾ ਨੇ ਕਿਹਾ ਕਿ ਸਾਡੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ ਪਰ ਜਿਸ ਤਰ੍ਹਾਂ ਬਾਦਲਕਿਆਂ ਦੇ ਰਾਜ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ, 267 ਸਰੂਪ ਲਾਪਤਾ ਹੋਏ, ਸ਼੍ਰੋਮਣੀ ਕਮੇਟੀ ਦੇ ਸਕੈਂਡਲ ਸਾਹਮਣੇ ਆਏ, ਸਿੱਖ ਸਿਧਾਂਤਾਂ ਦਾ ਘਾਣ ਹੋਇਆ, ਉਸ ਤੋਂ ਦੁਖੀ ਹੋ ਕੇ ਅਸੀਂ ਅਕਾਲੀ ਦਲ ਬਾਦਲ ਛੱਡਿਆ ਪਰ ਸ਼੍ਰੋਮਣੀ ਅਕਾਲੀ ਦਲ ਕਿਸੇ ਇਕ ਆਗੂ ਦੀ ਜਾਗੀਰ ਨਹੀਂ ਹੈ। ਅਸੀਂ ਅਕਾਲੀ ਜੰਮੇ ਸੀ, ਅਕਾਲੀ ਰਹੇ ਹਾਂ ਤੇ ਅਕਾਲੀ ਹੀ ਮਰਾਂਗੇ। ਉਨ੍ਹਾਂ ਕਿਹਾ ਕਿ ਸੀਬੀਆਈ ਬੇਅਦਬੀ ਮਾਮਲਿਆਂ ਬਾਰੇ ਕੇਸ ਦੀ ਕਲੋਜ਼ਰ ਰਿਪੋਰਟ ਦੇਣ ਤੋਂ ਬਾਅਦ ਹੁਣ ਜੋ ਐਸਆਈਟੀ ਤੋਂ ਕੇਸ ਵਾਪਸ ਮੰਗ ਰਹੀ ਹੈ ਇਹ ਬੇਅਦਬੀ ਕੇਸਾਂ ਦੇ ਦੋਸ਼ੀਆਂ ਨੂੰ ਬਚਾਉਣ ਦੀ ਸਿੱਧੀ ਕੋਸ਼ਿਸ ਹੈ।

ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਛੁਡਵਾ ਕੇ ਸਕੈਂਡਲ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਪੰਜਾਬ ਦੀ ਭਲਾਈ ਲਈ ਹਰੇਕ ਧਰਮ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਹੱਕ ਸੱਚ ਦੀ ਲੜਾਈ ਲੜੀ ਜਾਵੇਗੀ। ਇਕੱਤਰਤਾ ਨੂੰ ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ ਤੇ ਗੁਰਸੇਵ ਸਿੰਘ ਹਰਪਾਲਪੁਰ ਨੇ ਵੀ ਸੰਬੋਧਨ ਕੀਤਾ। ਢੀਂਡਸਾ ਦੀ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਬਚਨ ਸਿੰਘ ਨਾਨੋਕੀ, ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਭੜੀ, ਜਰਨੈਲ ਸਿੰਘ ਮਟੋਰੜਾ, ਗੁਰਕੀਰਤ ਸਿੰਘ ਕਾਲਸਣਾ, ਸਾ. ਸ਼ਹਿਰੀ ਪ੍ਰਧਾਨ ਦਰਸ਼ਨ ਸਿੰਘ ਧਾਰਨੀ, ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਮਾਂਗੇਵਾਲ ਤੇ ਉਨ੍ਹਾਂ ਦੇ ਅਨੇਕਾਂ ਸਾਥੀ ਸ਼ਾਮਲ ਹਨ।

Posted By: Seema Anand