ਭਾਰਤ ਭੂਸ਼ਣ ਗੋਇਲ, ਸਮਾਣਾ: ਸ਼੍ਰੋਮਣੀ ਅਕਾਲੀਦਲ ਨਾਲ ਲੜਾਈ ਜਾਤੀ ਨਹੀਂ ਬਲਕਿ ਸਿਧਾਂਤਾ ਦੀ ਲੜਾਈ ਸੀ ਤੇ ਪ੍ਰਕਾਸ਼ ਸਿੰਘ ਬਾਦਲ ਤਾਂ ਸਭ ਕੁਝ ਛੱਡ ਕੇ ਘਰ ਬੈਠ ਗਏ ਹਨ। ਜਦਕਿ ਸੁਖਬੀਰ ਬਾਦਲ ਸਾਰੇ ਸਿਧਾਂਤਾਂ ਨੂੰ ਛਿੱਕੇ ਟੰਗਦਿਆਂ ਪਾਰਟੀ ਨੂੰ ਇਕ ਕੰਪਨੀ ਦੀ ਤਰ੍ਹਾਂ ਚਲਾ ਰਿਹਾ ਹੈ, ਜਿਸ ਨੂੰ ਵੇਖਦਿਆਂ ਉਨ੍ਹਾਂ ਨੂੰ ਵੱਖਰਾ ਰਾਹ ਚੁਨਣਾ ਪਿਆ ਹੈ।

ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਨੇੜਲੇ ਪਿੰਡ ਫਤਿਹਮਾਜਰੀ ਵਿਖੇ ਪੰਜਾਬ ਪੁਲਿਸ ਦੇ ਸਾਬਕਾ ਡੀਐੱਸਪੀ ਤੇ ਸਮਾਜ ਸੇਵੀ ਨਾਹਰ ਸਿੰਘ ਨੂੰ ਪਾਰਟੀ 'ਚ ਸ਼ਾਮਲ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਢੀਂਡਸਾ ਨੇ ਆਖਿਆ ਕਿ ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ 'ਚ ਜੋ ਹੋ ਰਿਹਾ ਹੈ ਉਹ ਬਿਲਕੁਲ ਗਲਤ ਹੋ ਰਿਹਾ ਹੈ ਤੇ ਕਮੇਟੀ 'ਚ ਨਿੱਤ ਨਵੇਂ ਸਕੈਂਡਲ ਸਾਹਮਣੇ ਆ ਰਹੇ ਹਨ, ਜਿਸ ਕਾਰਨ ਸ਼੍ਰੋਮਣੀ ਕਮੇਟੀ ਘਾਟੇ 'ਚ ਹੋਣ ਕਾਰਨ ਹਾਲਾਤ ਬਦ ਤੋਂ ਬਦਰਤ ਹੁੰਦੇ ਜਾ ਰਹੇ ਹਨ ਤੇ ਕੋਈ ਸੁਧਾਰ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਅਕਾਲੀ ਭਾਜਪਾ ਵੇਲੇ ਬਣੀਆਂ ਸੜਕਾਂ ਤੇ ਵੱਡੇ-ਵੱਡੇ ਪੁੱਲਾਂ ਦੇ ਬਣਾਏ ਜਾਣ ਸੰਬਧੀ ਪੁੱਛੇ ਜਾਣ ਤੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁੱਲ ਤੇ ਸੜਕਾਂ ਬਣੀਆਂ ਹਨ ਪਰ ਉਸ 'ਤੇ ਸਾਰਾ ਖਰਚ ਕੀਤਾ ਰੁਪਇਆ ਪੰਜਾਬ ਦਾ ਨਾ ਹੋ ਕੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਜ਼ਿੰਮੇਵਾਰੀ ਨਾਲ ਹੋਂਦ ਵਿਚ ਲਿਆਂਦੀ ਪਾਰਟੀ ਨੂੰ ਸਿਧਾਂਤਕ ਪਾਰਟੀ ਬਣਾਉਣਗੇ ਤੇ ਉਨ੍ਹਾਂ ਦਾ ਇਸ ਮਾਮਲੇ ਵਿਚ ਕਿਸੇ ਹੋਰ ਪਾਰਟੀ ਨਾਲ ਕੋਈ ਸੰਬਧ ਨਹੀਂ ਹੈ। ਉਨ੍ਹਾਂ ਚੋਣਾਂ ਵਿਚ ਹੋਰ ਪਾਰਟੀਆਂ ਨਾਲ ਗਠਜੋੜ ਸਬੰਧੀ ਪੁੱਛੇ ਜਾਣ 'ਤੇ ਕਿਹਾ ਕਿ ਅਜੇ ਸਮਾਂ ਪਿਆ ਹੈ ਪਰ ਕਾਂਗਰਸ ਤੇ ਬਾਦਲ ਦਲ ਨੂੰ ਛੱਡ ਕੇ ਸਾਰੀਆਂ ਹਮਖਿਆਲੀ ਪਾਰਟੀਆਂ ਨਾਲ ਗਠਜੋੜ ਸੰਭਵ ਹੈ।

ਢੀਂਡਸਾ ਨੇ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਬਾਦਲ ਦਲ ਤੋਂ ਵੱਖਰਾ ਹੋਣ ਤੇ ਪਾਰਟੀ ਦੇ ਹੋਏ ਹਸ਼ਰ ਸੰਬਧੀ ਪੁੱਛੇ ਜਾਣ 'ਤੇ ਕਿਹਾ ਕਿ ਉਸ ਵੇਲੇ ਪਾਰਟੀ ਦੀ ਕਮਾਂਡ ਸੁਰਜੀਤ ਸਿੰਘ ਬਰਨਾਲਾ ਕੋਲ ਸੀ ਜੋ ਤੱਕੜੀ ਦੇ ਚੋਣ ਨਿਸ਼ਾਨ 'ਤੇ ਲੜੇ ਸਨ ਤੇ ਹੁਣ ਤੇ ਉਸ ਵੇਲੇ ਦੇ ਹਾਲਾਤ ਵੱਖਰੇ ਹਨ। ਸ਼੍ਰੋਮਣੀ ਕਮੇਟੀ ਚੋਣ ਲੜਣ ਸੰਬਧੀ ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਪੰਥਕ ਲਹਿਰ ਦੇ ਰਵੀਇੰਦਰ ਸਿੰਘ (1920) ਪਾਰਟੀ ਸਿਰਫ਼ ਸ਼੍ਰੋਮਣੀ ਕਮੇਟੀ ਚੋਣਾਂ ਲੜਣ ਦੀ ਇੱਛੁਕ ਹੈ। ਜਿਨ੍ਹਾਂ ਨਾਲ ਰਲ ਕੇ ਸ਼੍ਰੋਮਣੀ ਕਮੇਟੀ ਕਬਜ਼ਾ ਮੁਕਤ ਕੀਤੀ ਜਾਵੇ।

ਆਉਣ ਵਾਲੇ ਸਮੇਂ ਵਿਚ ਕਿਸੇ ਵੱਡੇ ਆਗੂ ਦੇ ਪਾਰਟੀ ਵਿਚ ਆਉਣ ਬਾਰੇ ਉਨ੍ਹਾਂ ਹੱਸਦਿਆਂ ਕਿਹਾ ਕਿ ਤੁਸੀ ਇਕ ਦੀ ਗੱਲ ਕਰਦੇ ਹੋ ਜਦੋਂ ਕਿ ਵੱਡੇ-ਵੱਡੇ ਆਗੂ ਸਾਰੇ ਹੀ ਪਾਰਟੀ ਵਿਚ ਆਉਣਗੇ ਤੇ ਆਉਣ ਵਾਲੇ ਸਮੇਂ 'ਚ ਸੂਬੇ ਦੇ ਲੋਕ ਫੈਸਲਾ ਕਰਨਗੇ ਕਿ ਅਸਲੀ ਅਕਾਲੀ ਦਲ ਕੌਣ ਹੈ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਹਾਜ਼ਰ ਸਨ।