ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਸਰਹਿੰਦ ਰੋਡ 'ਤੇ ਸਥਿਤ ਪਿੰਡ ਝਿੱਲ ਵਿਖੇ ਲਾਕਡਾਊਨ ਵਿਚ ਆਰਥਿਕ ਤੰਗੀ ਤੋਂ ਪਰੇਸ਼ਾਨ ਔਰਤ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੇਕਾ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈੇ। ਮਿ੍ਤਕਾ ਦੀ ਪਛਾਣ ਨੀਤੂ (30) ਵਜੋਂ ਹੋਈ ਹੈ। ਉਸ ਦੇ ਪਤੀ ਪਿਸ਼ੌਰੀ ਦੇ ਬਿਆਨ ਦਰਜ ਕਰ ਲਏ ਗਏ ਹਨ, ਜਦੋਂਕਿ ਅਗਲੇਰੀ ਕਾਰਵਾਈ ਪੇਕਾ ਪਰਿਵਾਰ ਦੇ ਆਉਣ ਤੋਂ ਬਾਅਦ ਕੀਤੀ ਜਾਵੇਗੀ।

ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਨੀਤੂ ਤੇ ਉਸ ਦਾ ਪਤੀ ਪਿਸ਼ੌਰੀ ਪਿੰਡ ਝਿੱਲ ਵਿਖੇ ਪਿਛਲੇ ਪੰਜ ਸਾਲਾਂ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ। ਪਿਸ਼ੌਰੀ ਸਬਜ਼ੀ ਵੇਚਦਾ ਹੈ ਤੇ ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬੰਦਾਊ ਦੇ ਪਿੰਡ ਸਿਲਾਸੌਰ ਦੇ ਰਹਿਣ ਵਾਲੇ ਹਨ। ਪਿਸ਼ੌਰ ਦੇ ਬਿਆਨਾਂ ਮੁਤਾਬਕ ਲਾਕਡਾਊਨ ਵਿਚ ਆਰਥਿਕ ਤੰਗੀ ਕਾਰਨ ਅਕਸਰ ਹੀ ਘਰ ਵਿਚ ਝਗੜਾ ਰਹਿੰਦਾ ਸੀ। ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦਾ ਝਗੜਾ ਹੋਇਆ ਸੀ। ਸ਼ਨਿਚਰਵਾਰ ਦੀ ਰਾਤ ਉਹ ਖਾਣਾ ਖਾਣ ਤੋਂ ਬਾਅਦ ਦੂਸਰੇ ਕਮਰੇ ਵਿਚ ਚੱਲੀ ਗਈ। ਜਦੋਂ ਉਹ ਐਤਵਾਰ ਨੂੰ ਸਵੇਰੇ ਉਠਿਆ ਤਾਂ ਵੇਖਿਆ ਕਿ ਨੀਤੂ ਦੀ ਲਾਸ਼ ਚੁੰਨੀ ਨਾਲੇ ਲਏ ਫਾਹੇ 'ਤੇ ਝੂਲ ਰਹੀ ਸੀ। ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਛਿੜਕਾਅਿ ਕਰਦੇ ਸਮੇਂ ਚੜ੍ਹੀ ਕੀਟਨਾਸ਼ਕ ਦਵਾਈ, ਮੌਤ

ਨਾਭਾ ਰੋਡ ਨੇੜੇ ਸਥਿਤ ਭਾਖ਼ੜਾ ਐਨਕਲੇਵ ਵਿਖੇ ਕੀਟਨਾਸ਼ਕ ਦਵਾਈ ਛਿੜਕਾਅ ਕਰਦੇ ਸਮੇਂ ਸਾਬਕਾ ਫ਼ੌਜੀ ਨੂੰ ਚੜ੍ਹ ਗਈ। ਸਾਬਕਾ ਫ਼ੌਜੀ ਮਹਿਮਾ ਸਿੰਘ (60) ਨੂੰ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਸ ਦੀ ਇਲਾਜ ਦੌਰਾਨ ਦੇਰ ਰਾਤ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਅਮਰੀਕ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮਹਿਮਾ ਸਿੰਘ ਕੀਟਨਾਸ਼ਕ ਦਵਾਈ ਦਾ ਛਿੜਕਾਅ ਬੂਟਿਆਂ 'ਤੇ ਕਰ ਰਿਹਾ ਸੀ। ਦਵਾਈ ਚੜ੍ਹਨ ਕਰ ਕੇ ਉਸ ਦੀ ਮੌਤ ਹੋ ਗਈ ਹੈ।