ਨਵਦੀਪ ਢੀਂਗਰਾ, ਪਟਿਆਲਾ : ਖੇਤਾਂ ਬਿੱਲਾਂ ਦੇ ਵਿਰੁੱਧ ਜਿਥੇ ਪੂਰਾ ਪੰਜਾਬ ਕਿਸਾਨਾਂ ਦੇ ਹੱਕ ਵਿਚ ਆ ਖੜਿਆ ਹੈ ਉਥੇ ਹੀ ਗੀਤਕਾਰ ਤੇ ਕਲਾਕਾਰਾਂ ਨੇ ਕਿਸਾਨਾਂ ਦੇ ਹੱਥ ਫੜਣ ਦਾ ਫੈਸਲਾ ਕਰ ਲਿਆ ਹੈ। 25 ਸਤੰਬਰ ਨੂੰ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਜਿਥੇ ਪ੍ਰਸਿੱਧ ਗਾਇਕ ਗੁਰਦਾਸ ਮਾਨ, ਬੱਬੂ ਮਾਨ ਤੇ ਦਲਜੀਤ ਦੁਸਾਂਝ ਹੋਰਾਂ ਵਲੋਂ ਅਪੀਲ ਕੀਤੀ ਗਈ ਹੈ ਉਥੇ ਹੀ ਸੂਫੀ ਗਾਇਕ ਕੰਵਰ ਗਰੇਵਾਲ ਵਲੋਂ ਤਾਂ ਸ਼ੰਭੂ ਬਾਰਡਰ 'ਤੇ ਧਰਨਾ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ।

ਕੰਵਰ ਗਰੇਵਾਲ ਨੇ ਵੀਡੀਓ ਸੁਨੇਹੇ ਰਾਹੀਂ ਜਾਣਕਾਰੀ ਦਿੱਤੀ ਹੈ ਕਿ 25 ਸਤੰਬਰ ਦਿਨ ਸ਼ੁਕਰਵਾਰ ਨੂੰ ਬਠਿੰਡਾ, ਮਾਨਸਾ, ਪਟਿਆਲਾ, ਸ਼ੰਭੂ ਬਾਰਡਰ ਸਮੇਤ ਹੋਰ ਥਾਵਾਂ 'ਤੇ ਰੋਸ ਧਰਨਾ ਹੋਵੇਗਾ। ਗਰੇਵਾਲ ਨੇ ਦੱਸਿਆ ਕਿ ਉਹ ਖੁਦ ਸ਼ੰਭੂ ਬਾਰਡਰ ਵਿਖੇ ਕੇਂਦਰ ਸਰਕਾਰ ਖਿਲਾਫ ਧਰਨਾ ਦੇਣ ਲਈ ਪੁੱਜਣਗੇ ਤੇ ਇਸ ਵਿਚ ਜੋਰਾ ਫਿਲਮ ਫੇਮ ਦੀਪ ਸਿੱਧੂ ਸਮੇਤ ਹੋਰ ਕਲਾਕਾਰ ਵੀ ਸ਼ਾਮਲ ਹੋਣਗੇ।

ਗਾਇਕ ਕੰਵਰ ਗਰੇਵਾਲ ਨੇ ਅਪੀਲ ਕੀਤੀ ਜਿਹੜੇ ਲੋਕ ਹਾਲੇ ਧਰਨੇ ਲਾਉਣ ਲਈ ਹਾਲੇ ਵੀ ਸੋਚ ਰਹੇ ਹਨ ਤਾਂ ਉਹ ਵੀ ਇਸ ਮੌਕੇ ਨੂੰ ਹੱਥੋਂ ਨਾ ਜਾਣ ਦੇਣ ਦੇ ਕਿਸਾਨਾਂ ਦੇ ਨਾਲ ਆ ਕੇ ਖੜਣ। ਗਰੇਵਾਲ ਨੇ ਕਿਹਾ ਕਿ ਲੈ ਦੇ ਕੇ ਸਿਰਫ ਖੇਤੀ ਹੀ ਜੇ ਹੁਣ ਘਰੋਂ ਨਾ ਨਿਕਲੇ ਤਾਂ ਆਉਣ ਵਾਲੇ ਦਿਨਾਂ ਵਿਚ ਆਪਣਾ ਜ਼ਮੀਰ ਲਾਹਣਤਾ ਪਾਵੇਗਾ।

ਇਸ ਲਈ ਹਰ ਵਰਗ ਦਾ ਵਿਅਕਤੀ ਧਰਨਿਆਂ ਵਿਚ ਸ਼ਾਮਲ ਹੋਵੇ ਤੇ ਡਟ ਕੇ ਵਿਰੋਧ ਕਰਨ। ਗਰੇਵਾਲ ਨੇ ਕਿਹਾ ਕਿ ਜੰਗੀ ਲੰਮੀ ਹੈ, ਇਕ ਦਿਨ ਧਰਨਾ ਜਾ ਨਾਅਰੇ ਲਾਉਣ ਨਾਲ ਜਿੱਤ ਨਹੀਂ ਮਿਲਣੀ ਹੈ। ਬਹੁਤ ਭੈੜਾ ਸਮਾਂ ਪੰਜਾਬ 'ਤੇ ਆਇਆ ਹੈ ਯੌਜਨਾ ਤਹਿਤ ਸਾਜਿਸ਼ ਪੰਜਾਬ ਦੇ ਖਿਲਾਫ ਘੜ੍ਹੀ ਗਈ ਹੈ। ਇਸ ਲਈ ਇਸਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

Posted By: Jagjit Singh