ਸਟਾਫ ਰਿਪੋਰਟਰ, ਪਟਿਆਲਾ : ਹੈਡ ਕਾਂਸਟੇਬਲ ਦੀ ਅਸਾਮੀ ਲਈ ਆਏ ਕੁਝ ਵਿਦਿਆਰਥੀਆਂ ਨੂੰ ਦੇਰੀ ਨਾਲ ਪੁੱਜਣ ਦਾ ਕਹਿ ਕੇ ਮੋੜ ਦਿੱਤਾ ਗਿਆ। ਜਿਸ ਤੋਂ ਪੇ੍ਸ਼ਾਨ ਵਿਦਿਆਰਥੀਆਂ ਨੇ ਸਮੇਂ ਸਿਰ ਪੁੱਜਣ ਤੇ ਪ੍ਰਰੀਖਿਆ ਕੇਂਦਰ ਦੇ ਸਟਾਫ ਵਲੋਂ ਧੱਕਾ ਕਰਨ ਦਾ ਦੋਸ਼ ਲਗਾਇਆ ਹੈ। ਵਿਦਿਆਰਥੀਆਂ ਨੇ ਮੁੱਖ ਮੰਤਰੀ, ਡੀਜੀਪੀ ਨੂੰ ਚਿੱਠੀ ਭੇਜ ਕੇ ਉਨਾਂ ਦੀ ਦਿਨ ਰਾਤ ਕੀਤੀ ਮਿਹਨਤ 'ਤੇ ਪਾਣੀ ਫਿਰਣ ਦਾ ਹਵਾਲਾ ਦਿੰਦਿਆਂ, ਪੇਪਰ ਦੁਬਾਰਾ ਲੈਣ ਦੀ ਮੰਗ ਕੀਤੀ ਹੈ। ਵਿਦਿਆਰਥੀ ਹਰਮਨਦੀਪ ਸਿੰਘ, ਹਰਸ਼ਦੀਪ ਸਿੰਘ, ਜਤਿੰਦਰ ਪਾਲ ਕੌਰ ਤੇ ਅਰਸ਼ਦੀਪ ਕੌਰ ਹੋਰਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ ਅੱਜ ਹੈਡ ਕਾਂਸਟੇਬਲ ਦੀ ਅਸਾਮੀ ਲਈ ਪ੍ਰਰੀਖਿਆ ਸੀ ਤੇ ਉਨਾਂ ਦਾ ਕੇਂਦਰ ਰਾਜਪੁਰਾ ਰੋਡ ਵਿਖੇ ਬਣਾਇਆ ਗਿਆ ਸੀ। ਵਿਦਿਆਰਥੀਆਂ ਅਨੁਸਾਰ 8.29 ਵਜੇ ਆਪਣੇ ਕੇਂਦਰ ਦੇ ਗੇਟ 'ਤੇ ਪੁੱਜ ਗਏ ਸਨ ਜਿਥੇ ਪਹਿਲਾਂ ਤੋਂ ਹੀ ਮੋਜੂਦ ਇਕ ਬੱਚੇ ਦੇ ਕਾਗਜ਼ਾਂ ਨੂੰ ਲੈ ਕੇ ਸਟਾਫ ਵਲੋਂ ਬਹਿਸ ਕੀਤੀ ਜਾ ਰਹੀ ਸੀ, ਜਦੋਂ ਨੂੰ ਉਨਾ ਦੇ ਦਾਖਲੇ ਦੀ ਵਾਰੀ ਆਈ ਤਾਂ ਦੇਰੀ ਨਾਲ ਆਉਣ ਦਾ ਕਹਿ ਕੇ ਅੰਦਰ ਨਹੀਂ ਜਾਣ ਦਿੱਤਾ, ਕਈ ਤਰਲੇ ਕੀਤੇ ਪਰ ਕਿਸੇ ਨੇ ਇਕ ਨਾ ਸੁਣੀ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਮੋਜੂਦ ਸਟਾਫ ਵਲੋਂ ਉਨਾਂ ਨੂੰ ਡਰਾ ਧਮਕਾ ਕੇ ਉਥੋਂ ਤੋਰ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਸਮੇਂ ਸਿਫਰ ਕੇਂਦਰ ਪੁੱਜੇ ਸਨ ਪਰ ਗੇਟ 'ਤੇ ਹੋਰ ਬੱਚੇ ਨਾਲ ਹੋ ਰਹੀ ਬਹਿਸ ਕਰਕੇ ਸਮਾਂ ਬਰਬਾਦ ਕੀਤਾ ਗਿਆ ਤੇ ਬਿਨਾਂ ਕਾਰਨ ਉਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਵਿਦਿਆਰਥੀਆਂ ਨੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਲਿਖੀ ਚਿੱਠੀ ਵਿਚ ਅਪੀਲ ਕੀਤੀ ਕਿ ਹੈ ਕਿ ਕਿਸੇ ਦੀ ਗਲਤੀ ਕਰਕੇ ਉਨਾਂ ਦੀ ਦਿਨ ਰਾਤ ਕੀਤੀ ਮਿਹਨਤ ਤੇ ਪਾਣੀ ਫਿਰ ਗਿਆ ਹੈ, ਇਸ ਲਈ ਪੇਪਰ ਦੁਬਾਰਾ ਲਿਆ ਜਾਵੇ।