ਨਵਦੀਪ ਢੀਂਗਰਾ, ਪਟਿਆਲਾ : ਸਕੂਲ ਫੀਸਾਂ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਵਿਦਿਆਰਥੀਆਂ ਨੂੰ ਫੀਸਾਂ ਜਮ੍ਹਾਂ ਕਰਵਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਡੀਨ ਅਕਾਦਮਿਕ ਵੱਲੋਂ ਵੱਖ ਵੱਖ ਵਿਭਾਗ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ। ਜਿਸ ਵਿਚ ਤੀਸਰੇ, ਪੰਜਵੇਂ, ਸੱਤਵੇਂ ਤੇ ਨੌਵੇਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ ਫੀਸਾਂ 8 ਜੂਨ ਤਕ ਲੈਣ ਸਬੰਧੀ ਕਿਹਾ ਗਿਆ ਹੈ। ਇਸ ਤੋਂ ਬਾਅਦ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਜੁਰਮਾਨੇ ਲਗਾਏ ਜਾਣਗੇ।

5 ਰੁਪਏ ਤੋਂ 15 ਹਜ਼ਾਰ ਰੁਪਏ ਤਕ ਦਾ ਜੁਰਮਾਨਾ

ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਬਾਅਦ 10 ਦਿਨਾਂ ਤਕ 5 ਰੁਪਏ ਪ੍ਰਤੀ ਦਿਨ ਜੁਰਮਾਨਾ ਹੋਵੇਗਾ। ਅਗਲੇ 10 ਦਿਨਾਂ ਦੇ ਅੰਦਰ ਮੁੜ ਦਾਖ਼ਲਾ ਫੀਸ 465 ਰੁਪਏ ਸਮੇਤ ਜੁਰਮਾਨਾ ਲਗਾਇਆ ਜਾਵੇਗਾ। ਅਗਲੇ 15 ਦਿਨਾਂ ਦੇ ਅੰਦਰ 465 ਨਾਲ ਇਕ ਹਜ਼ਾਰ ਰੁਪਏ ਕੁੱਲ 1465 ਰੁਪਏ, ਅਗਲੇ 10 ਦਿਨਾਂ ਵਿਚ 1465 ਦੇ ਨਾਲ 1500 ਰੁਪਏ ਜੁਰਮਾਨਾ ਕੁੱਲ 2965 ਰੁਪਏ, ਅਗਲੇ 10 ਦਿਨਾਂ ਅੰਦਰ 2965 ਤੇ 2 ਹਜ਼ਾਰ ਰੁਪਏ ਜੁਰਮਾਨਾ ਕੁੱਲ 4965 ਰੁਪਏ, ਅਗਲੇ ਇਕ ਮਹੀਨੇ ਅੰਦਰ ਉੱਕਾ ਪੁੱਕਾ ਜੁਰਮਾਨਾ 10 ਹਜ਼ਾਰ ਤੇ ਇਸ ਤੋਂ ਬਾਅਦ ਉੁੱਕਾ ਪੁੱਕਾ ਜੁਰਮਾਨਾ 15 ਹਜ਼ਾਰ ਰੁਪਏ ਜਮ੍ਹਾਂ ਕਰਵਾਉਣਾ ਹੋਵੇਗਾ।

ਇਨਾਂ ਨੂੰ ਪੱਤਰ ਕੀਤੇ ਜਾਰੀ

ਡੀਨ ਅਕਾਦਮਿਕ ਵੱਲੋਂ ਸ਼ੁਕਰਵਾਰ ਨੂੰ ਕੰਪਿਊਟਰ ਇੰਜੀਨੀਅਰਿੰਗ ਵਿਭਾਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜ. ਵਿਭਾਗ, ਮੈਕਨੀਕਲ ਇੰਜੀਨੀਅਰਿੰਗ ਵਿਭਾਗ, ਸਿਵਲ ਇੰਜੀਨੀਅਰਿੰਗ ਵਿਭਾਗ, ਬੇਸਿਕ ਐਂਡ ਅਪਲਾਈਡ ਸਾਇੰਸ ਵਿਭਾਗ, ਫਾਰਮਾਸਿਊਟੀਕਲ ਸਾਇੰਸਜ਼ ਤੇ ਡਰੱਗ ਰਿਸਰਚ ਵਿਭਾਗ, ਕੰਪਿਊਟਰ ਸਾਇੰਸ ਵਿਭਾਗ, ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਵਿਭਾਗ, ਪੰਜਾਬ ਸਕੂਲ ਆਫ ਲਾਅ, ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਤਲਵੰਡੀ ਸਾਬੋ, ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਐਂਡ ਮਨੇਜਮੈਂਟ ਰਾਜਪੁਰਾ ਫੂਲ ਨੂੰ ਪੱਤਰ ਜਾਰੀ ਕਰ ਕੇ ਵਿਦਿਆਰਥੀਆਂ ਤੋਂ ਫੀਸ ਇਕੱਤਰ ਕਰਨ ਦੇ ਹੁਕਮ ਦਿੱਤੇ ਗਏ ਹਨ।

ਮਿਤੀ 'ਚ ਕੀਤਾ ਜਾਵੇ ਵਾਧਾ, ਨਾ ਲੱਗਣ ਜੁਰਮਾਨੇ : ਵਿਦਿਆਰਥੀ

ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ ਦੇ ਆਗੂ ਵਿਕਰਮ ਬਾਗੀ ਦਾ ਕਹਿਣਾ ਹੈ ਕਿ ਕਰਫਿਊ ਤੇ ਲਾਕਡਾਊਨ ਕਾਰਨ ਹਰ ਕਿਸੇ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਗਈ ਹੈ। ਅਜਿਹੇ ਹਾਲਾਤ ਵਿਚ ਯੂਨੀਵਰਸਿਟੀ ਨੂੰ ਚਾਹੀਦਾ ਹੈ ਕਿ ਫੀਸ ਭਰਵਾਉਣ ਦੀ ਤਰੀਕ ਨੂੰ ਅਗਸਤ ਤਕ ਰੱਖਿਆ ਜਾਵੇ ਤੇ ਜੁਰਮਾਨੇ ਕਿਸੇ ਵੀ ਹਾਲ ਨਹੀਂ ਲਗਾਉਣੇ ਚਾਹੀਦੇ।

ਇਸੇ ਤਰ੍ਹਾਂ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਸਿੰਘ ਜਿੰਮੀ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਦੇ ਮਾਪਿਆਂ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ। ਜੇਕਰ 'ਵਰਸਿਟੀ ਨੇ ਆਪਣੇ ਇਸ ਹੁਕਮ ਨੂੰ ਵਾਪਸ ਨਾ ਲਿਆ ਤਾਂ ਯੂਨੀਅਨ ਵੱਲੋਂ ਅਥਾਰਟੀ ਖ਼ਿਲਾਫ਼ ਮੋਰਚਾ ਖੋਲਿ੍ਆ ਜਾਵੇਗਾ।