ਨਵਦੀਪ ਢੀਂਗਰਾ, ਪਟਿਆਲਾ : ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਦੀ 2 ਰੋਜ਼ਾ ਸੂਬਾ ਪੱਧਰੀ ਵਰਕਸ਼ਾਪ ਵਿਚ ਬੋਲਦਿਆਂ ਸੂਬਾਈ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਸਮਾਜਿਕ ਤਬਦੀਲੀ ਵਿਚ ਵਿਦਿਆਰਥੀ ਹਮੇਸ਼ਾ ਅਹਿਮ ਭੂਮਿਕਾ ਨਿਭਾਉਂਦੇ ਆਏ ਹਨ। ਦੇਸ਼ ਦੀ ਮੌਜੂਦਾ ਹਾਲਤ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਆਪਣੀ ਭੂਮਿਕਾ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਸਮਾਜਿਕ ਹਾਲਾਤ ਬਦਲਣ ਲਈ ਯਤਨ ਕਰਨੇ ਚਾਹੀਦੇ ਹਨ।

ਸੂਬਾਈ ਆਗੂ ਮੰਗਲਜੀਤ ਪੰਡੋਰੀ ਤੇ ਧੀਰਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਵਰਕਸ਼ਾਪ ਵਿਚ ਵਿਦਿਆਰਥੀ ਲਹਿਰ ਦੇ ਇਤਿਹਾਸ ਤੇ ਵਿਦਿਆਰਥੀ ਲਹਿਰ ਉਸਾਰੀ ਆਦਿ ਵਿਸ਼ਿਆਂ 'ਤੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਤੇ ਜਨਰਲ ਸਕੱਤਰ ਅਮਨਦੀਪ ਸਿੰਘ ਨੇ ਵਿਚਾਰ ਰੱਖੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਆੜ ਹੇਠ ਲੰਬੇ ਸਮੇਂ ਤੋਂ ਕਾਲਜ ਯੂਨੀਵਰਸਿਟੀਆਂ ਦੇ ਬੰਦ ਹੋਣ ਕਾਰਨ ਜਿੱਥੇ ਵਿਦਿਆਰਥੀਆਂ ਦੇ ਜ਼ਿਹਨੀ ਵਿਕਾਸ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਇਹ ਉਨ੍ਹਾਂ ਨੂੰ ਸਿਆਸੀ ਸਰਗਰਮੀਆਂ ਤੋਂ ਦੂਰ ਰੱਖਣ ਦਾ ਜ਼ਰੀਆ ਬਣਾ ਲਿਆ ਗਿਆ ਹੈ।

ਵਰਕਸ਼ਾਪ ਦੇ ਅਖ਼ੀਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫੀਸਾਂ ਵਿਚ ਕੀਤਾ ਗਿਆ 10 ਫ਼ੀਸਦੀ ਦਾ ਵਾਧਾ ਵਾਪਸ ਕਰਵਾਉਣ, ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਐੱਸਸੀ ਵਿਦਿਆਰਥੀਆਂ ਦੇ ਦਾਖਲੇ ਬਿਨਾਂ ਫ਼ੀਸ ਤੋਂ ਕਰਵਾਉਣ, ਲੜਕੀਆਂ ਲਈ ਸਮੁੱਚੀ ਵਿਦਿਆ ਮੁਫ਼ਤ ਕਰਵਾਉਣ, ਪੀਟੀਏ ਫੰਡ ਲੈਣਾ ਬੰਦ ਕਰਵਾਉਣ ਤੇ ਪ੍ਰਰੋਫੈਸਰਾਂ ਦੀ ਸਰਕਾਰੀ ਭਰਤੀ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਤੇ ਹੋਰਨਾਂ ਮੰਗਾਂ ਲਈ 8 ਸਤੰਬਰ ਨੂੰ ਸੂਬੇ ਵਿਚ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਅਮਰ ਕ੍ਰਾਂਤੀ, ਬਲਜੀਤ ਸਿੰਘ ਧਰਮਕੋਟ, ਗੁਰਸੇਵਕ ਸਿੰਘ, ਮੋਹਣ ਸਿੰਘ, ਕੇਸ਼ਵ ਅਜ਼ਾਦ ਆਦਿ ਨੇ ਵਿਚਾਰਾਂ ਦੀ ਸਾਂਝ ਪਾਈ।