ਐੱਚਐੱਸ ਸੈਣੀ, ਰਾਜਪੁਰਾ : ਸਰਕਾਰੀ ਏਪੀ ਜੈਨ ਸਿਵਲ ਹਸਪਤਾਲ ਅੱਗੇ ਕੈਮਿਸਟ ਸ਼ਾਪ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਬਾਹਰ ਤਕ ਰੱਖ ਕੇ ਅਤੇ ਇਸ਼ਤਿਹਾਰੀ ਬੋਰਡ ਲਾ ਕੇ 12 ਫੁੱਟ ਤਕ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਨਗਰ ਕੌਂਸਲ ਰਾਜਪੁਰਾ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਤੇ ਰੋਜ਼ਾਨਾ ਵਾਹਨਾਂ ਦੇ ਵੱਡੇ-ਵੱਡੇ ਜਾਮ ਲੱਗਣ ਕਾਰਨ ਆਮ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਦੇ ਅਨੁਸਾਰ ਰਾਜਪੁਰਾ ਸ਼ਹਿਰ ਅੰਦਰ ਨਗਰ ਕੌਂਸਲ ਦੇ ਕਈ ਕਰਮਚਾਰੀਆਂ ਦੀ ਕਥਿਤ ਸ਼ਹਿ ਬਾਜ਼ਾਰਾਂ ਤੇ ਆਮ ਸੜਕਾਂ 'ਤੇ ਦੁਕਾਨਦਾਰਾਂ ਵੱਲੋਂ ਸੜਕਾਂ 'ਤੇ ਆਪਣਾ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਦੋਂ ਸਥਾਨਕ ਏਪੀ ਜੈਨ ਸਿਵਲ ਹਸਪਤਾਲ ਵਾਲੇ ਮੇਨ ਰੋਡ ਤੋਂ ਲੰਘਦੇ ਹਾਂ ਤਾਂ ਉੱਥੇ ਹਸਪਤਾਲ ਦੇ ਮੇਨ ਗੇਟ ਅੱਗੇ ਤਾਂ ਦਵਾਈਆਂ ਵੇਚਣ ਵਾਲੇ ਕੁੱਝ ਦੁਕਾਨਦਾਰਾਂ ਨੇ ਪਹਿਲਾਂ ਆਪਣੀਆਂ ਦੁਕਾਨਾਂ ਦੇ ਸ਼ਟਰ ਹੀ ਕਰੀਬ ਢਾਈ ਫੁੱਟ ਅੱਗੇ ਲਾ ਕੇ ਸਰਕਾਰੀ ਸੜਕ 'ਤੇ ਪੱਕਾ ਕਬਜ਼ਾ ਕੀਤਾ ਹੋਇਆ ਹੈ ਤੇ ਇਸ ਤੋਂ ਇਲਾਵਾ ਕਰੀਬ 12 ਤੋਂ 15 ਫੁੱਟ ਤਕ ਥੜ੍ਹੇ ਬਣਾ ਕੇ 40 ਫੁੱਟ ਚੌੜੀ ਸੜਕ ਨੂੰ ਸਿਰਫ਼ 25 ਫੁਟੀ ਬਣਾ ਕੇ ਰੱਖ ਦਿੱਤਾ ਹੈ। ਇੱਥੇ ਰੋਜ਼ਾਨਾ ਦੁਕਾਨਦਾਰਾਂ ਦੇ ਅੱਗੇ ਰੱਖੇ ਕਰਿੰਦਿਆਂ ਵੱਲੋਂ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਪਣੀਆਂ ਦੁਕਾਨਾਂ 'ਤੇ ਦਵਾਈ ਖ਼ਰੀਦਣ ਲਈ ਬੁਲਾਉਣ ਲਈ ਹੱਥ ਖੜ੍ਹੇ ਕਰ ਕੇ ਆਵਾਜ਼ਾਂ ਮਾਰ ਕੇ ਬੁਲਾਇਆ ਜਾਂਦਾ ਹੈ। ਇਨ੍ਹਾਂ ਦੇ ਨਾਜਾਇਜ਼ ਰੌਲੇ ਕਾਰਨ ਕਈ ਵਾਰ ਦੋ ਪਹੀਆ ਵਾਹਨ ਚਾਲਕ ਤੰਗ ਹੋ ਕੇ ਸੱਟਾਂ ਤਕ ਖਾ ਚੁੱਕੇ ਹਨ।

ਇਸ ਤਰ੍ਹਾਂ ਸ਼ਹਿਰ ਵਿਚੋਂ ਦਵਾਈ ਲੈਣ ਆਏ ਵਿਅਕਤੀ ਤਾਂ ਆਪਣੀਆਂ ਕਾਰਾਂ, ਦੋ ਪਹੀਆ ਵਾਹਨ ਦੁਕਾਨਾਂ ਅੱਗੇ ਖੜ੍ਹੇ ਕਰ ਕੇ ਦਵਾਈ ਲੈਣ ਦੁਕਾਨ ਦੇ ਅੰਦਰ ਚਲੇ ਜਾਂਦੇ ਹਨ ਤੇ ਜਿਸ ਕਾਰਨ ਬਾਹਰ ਸੜਕ 'ਤੇ ਸਾਰਾ ਦਿਨ ਜਾਮ ਲੱਗੇ ਰਹਿੰਦੇ ਹਨ। ਜਦੋਂ ਕੋਈ ਐਂਬੂਲੈਂਸ ਕਿਸੇ ਗੰਭੀਰ ਮਰੀਜ਼ ਨੂੰ ਹਸਪਤਾਲ ਵਿਚ ਲੈ ਕੇ ਆਉਂਦੀ ਹੈ ਤਾਂ ਜਾਮ ਦੀ ਸਥਿਤੀ ਹੋਣ ਕਾਰਨ ਕਾਫੀ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ।

ਕੀ ਕਹਿੰਦੇ ਨੇ ਈਓ

ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਗੀਤ ਕੁਮਾਰ ਨੇ ਕਿਹਾ ਕਿ ਆਉਂਦੇ ਵਰਕਿੰਗ ਡੇਅ ਦੌਰਾਨ ਇਨ੍ਹਾਂ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਨਾਜਾਇਜ਼ ਕਬਜ਼ੇ ਹਟਵਾਏ ਜਾਣਗੇ।