ਸਟਾਫ਼ ਰਿਪੋਰਟਰ, ਪਟਿਆਲਾ : ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਸਬਜ਼ੀਆਂ ਦੇ ਮਿਆਰੀ ਤੇ ਹਾਈਬਿ੍ਡ ਬੀਜ਼ ਮੁਹੱਈਆ ਕਰਵਾਉਣ ਵਾਲੇ ਸਕੇ ਭਰਾਵਾਂ ਮੁਹੰਮਦ ਅਨਵਰ ਅਤੇ ਮੁਹੰਮਦ ਸ਼ਮਸ਼ਾਦ ਨੂੰ ਇਹ ਨਹੀਂ ਸੀ ਪਤਾ ਕਿ ਵਿਸ਼ਵ ਪੱਧਰ ਦੀ ਤਕਨਾਲੋਜੀ ਨਾਲ ਤਿਆਰ ਕੀਤੇ ਬੀਜ਼ ਇਕ ਦਿਨ ਉਨ੍ਹਾਂ ਦਾ ਨਾਂ ਪੂਰੀ ਦੁਨੀਆ 'ਚ ਰੌਸ਼ਨ ਕਰ ਦੇਣਗੇ।

ਕੌਮੀ ਬਾਗਬਾਨੀ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਮੁਹੱਈਆ ਕਰਵਾਈ 1 ਕਰੋੜ ਰੁਪਏ ਦੀ ਸਬਸਿਡੀ ਨਾਲ ਕਰੀਬ ਸਵਾ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ-ਨਾਭਾ ਸੜਕ 'ਤੇ ਪਿੰਡ ਇੰਦਰਪੁਰਾ ਵਿਖੇ ਸਾਲ 2016 'ਚ ਮੈ. ਐਰੀਜ਼ੋਨਾ ਸੀਡਜ਼ ਦੇ ਨਾਂ 'ਤੇ ਲਗਾਏ ਪ੍ਰਾਜੈਕਟ 'ਚ ਇਹ ਦੋਵੇਂ ਭਰਾ ਟਮਾਟਰ, ਖੀਰਾ, ਭਿੰਡੀ, ਮਟਰ, ਗਾਜਰ, ਘੀਆ, ਕਰੇਲਾ, ਖਰਬੂਜ਼ਾ, ਤਰਬੂਜ਼, ਗੋਭੀ, ਮਿਰਚ ਅਤੇ ਪਿਆਜ਼ ਦੇ ਮਿਆਰੀ ਬੀਜ਼ ਵਿਸ਼ਵ ਪੱਧਰੀ ਪ੍ਰੋਸੈਸਿੰਗ ਤਕਨੀਕਾਂ ਰਾਹੀਂ ਤਿਆਰ ਕਰ ਕੇ ਭਾਰਤ ਦੇ ਵੱਖ-ਵੱਖ ਸੂਬਿਆਂ ਸਮੇਤ ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਭੂਟਾਨ ਤੇ ਬਰਮਾ ਨੂੰ ਨਿਰਯਾਤ ਕਰਦੇ ਹਨ।

ਮੁਹੰਮਦ ਅਨਵਰ ਅਨੁਸਾਰ ਉਹ ਕਰੀਬ ਪੌਣੇ ਦੋ ਲੱਖ ਡਾਲਰ ਦੇ ਬੀਜ਼ ਬਾਹਰਲੇ ਦੇਸ਼ਾਂ ਨੂੰ ਬਰਾਮਦ ਕਰਦੇ ਹਨ। ਇਸ ਸਾਲ ਉਨ੍ਹਾਂ ਦਾ ਟੀਚਾ 4 ਲੱਖ ਡਾਲਰ ਅਤੇ ਸਾਲਾਨਾ ਟਰਨਓਵਰ 12 ਕਰੋੜ ਰੁਪਏ ਤਕ ਪਹੁੰਚਾਉਣ ਦਾ ਹੈ।

ਇਸ ਸਾਲ ਉਹ ਭਾਰਤ 'ਚ ਤਿਆਰ ਕੀਤੇ ਬੀਜ਼ਾਂ ਨੂੰ ਉਹ ਅਮਰੀਕਾ, ਜਾਰਡਨ, ਟਰਕੀ, ਲਿਬਨਾਨ ਤੇ ਮਿਸਰ ਦੇ ਕਿਸਾਨਾਂ ਤਕ ਵੀ ਪੁੱਜਦਾ ਕਰਨਗੇ। ਮੁਹੰਮਦ ਅਨਵਰ ਨੇ ਦੱਸਿਆ ਕਿ ਉਹ ਪੰਜਾਬ ਸਮੇਤ ਹਿਮਾਚਲ, ਜੰਮੂ ਕਸ਼ਮੀਰ, ਹਰਿਆਣਾ, ਮਹਾਂਰਾਸ਼ਟਰਾ, ਰਾਜਸਥਾਨ, ਕਰਨਾਟਕ, ਗੁਜਰਾਤ ਤੇ ਆਂਧਰਾ ਪ੍ਰਦੇਸ਼ 'ਚ 600 ਏਕੜ ਦੇ ਕਰੀਬ ਰਕਬੇ 'ਚ ਕਿਸਾਨਾਂ ਤੋਂ ਕੰਟਰੈਕਟ ਫਾਰਮਿੰਗ ਰਾਹੀਂ ਜਿੱਥੇ ਵੱਖ-ਵੱਖ ਸਬਜ਼ੀਆਂ ਦੇ ਮਿਆਰੀ ਬੀਜ਼ ਤਿਆਰ ਕਰਵਾ ਰਹੇ ਹਨ, ਉਥੇ ਹੀ ਬੰਗਲੌਰ, ਆਂਧਰਾ ਪ੍ਰਦੇਸ਼ ਤੇ ਪਟਿਆਲਾ ਸਥਿਤ ਇੰਦਰਪੁਰਾ ਫਾਰਮ ਵਿਖੇ ਰੀਸਰਚ ਤੇ ਡਿਵੈਲਪਮੈਂਟ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਬੀਜ਼ਾਂ 'ਤੇ ਵਿਗਿਆਨੀਆਂ ਵੱਲੋਂ ਲਗਾਤਾਰ ਖੋਜ ਕੀਤੀ ਜਾ ਰਹੀ ਹੈ।

600 ਲੋਕਾਂ ਨੂੰ ਮੁਹੱਈਆ ਕਰਵਾਇਆ ਰੁਜ਼ਗਾਰ

ਬੀਜ਼ਾਂ ਦੀ ਮਾਰਕੀਟਿੰਗ ਦਾ ਕੰਮ ਦੇਖਣ ਵਾਲੇ ਦੂਸਰੇ ਭਰਾ ਮੁਹੰਮਦ ਸ਼ਮਸ਼ਾਦ ਨੇ ਦੱਸਿਆ ਕਿ ਉਨ੍ਹਾਂ ਨੇ ਪਟਿਆਲਾ-ਨਾਭਾ ਸੜਕ 'ਤੇ ਸਥਿਤ ਇੰਦਰਪੁਰਾ ਫਾਰਮ ਵਿਖੇ ਕਰੀਬ ਸਵਾ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਇਕ ਏਕੜ ਰਕਬੇ 'ਚ ਬੀਜ਼ਾਂ ਦੀ ਗਰੇਡਿੰਗ, ਪ੍ਰੋਸੈਸਿੰਗ ਤੇ ਪੈਕਿੰਗ ਲਈ ਵਿਸ਼ਵ ਪੱਧਰ ਦਾ ਪ੍ਰਾਜੈਕਟ ਸਥਾਪਿਤ ਕੀਤਾ ਹੈ, ਉਥੇ ਬਿਜਲੀ ਪੈਦਾ ਕਰਨ ਲਈ 25 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਲਗਾ ਕੇ ਬਿਜਲੀ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਤਿਆਰ ਹੋਏ ਬੀਜ਼ਾਂ ਨੂੰ ਨਿਰਯਾਤ ਕਰਨ ਤੋਂ ਪਹਿਲਾਂ ਪ੍ਰਾਜੈਕਟ ਵਿਖੇ ਹੀ ਸਥਿਤ ਕੂਲਿੰਗ ਚੈਂਬਰ 'ਚ ਬੀਜ਼ਾਂ ਨੂੰ 8 ਤੋਂ 10 ਡਿਗਰੀ ਦੇ ਤਾਪਮਾਨ 'ਚ ਸਾਂਭ ਕੇ ਰੱਖਿਆ ਜਾਂਦਾ ਹੈ। ਉਨ੍ਹਾਂ ਵੱਲੋਂ 600 ਦੇ ਕਰੀਬ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

ਕਿਸਾਨੀ ਨੂੰ ਮੁੜ ਪੈਰਾਂ 'ਤੇ ਲਿਆਉਣਾ ਦੋਵੇਂ ਭਰਾਵਾਂ ਦਾ ਟੀਚਾ

ਕਰੀਬ 25 ਵਰ੍ਹੇ ਪਹਿਲਾਂ ਆਪਣੇ ਪਿਤਾ ਮੁਹੰਮਦ ਬਸ਼ੀਰ ਤੋਂ ਸੇਧ ਲੈ ਕੇ ਸਬਜ਼ੀ ਦੇ ਬੀਜ਼ਾਂ ਦਾ ਭਾਰਤ ਸੀਡਜ਼ ਦੇ ਨਾਮ 'ਤੇ ਬਹੁਤ ਛੋਟੇ ਪੱਧਰ 'ਤੇ ਕੰਮ ਸ਼ੁਰੂ ਕਰਨ ਵਾਲੇ ਦੋਵਾਂ ਭਰਾਵਾਂ ਦੀ ਦਿਲੀ ਇੱਛਾ ਹੈ ਕਿ ਦਿਨੋ-ਦਿਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੀ ਕਿਸਾਨੀ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕਰਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਆਰਥਿਕ ਖੁਸ਼ਹਾਲੀ ਲਈ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ 'ਚੋਂ ਨਿਕਲ ਕੇ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਨੂੰ ਵੀ ਤਰਜੀਹ ਦੇਣ।