ਜੀਐੱਸ ਮਹਿਰੋਕ, ਦੇਵੀਗੜ੍ਹ : ਹਲਕਾ ਸਨੌਰ ਦੇ ਕੰਬੋਜ ਭਾਈਚਾਰੇ ਵੱਲੋਂ ਸਨੌਰ ਚੌਕ 'ਚ ਸ਼ਹੀਦ ਊਧਮ ਸਿੰਘ ਦੇ ਬੁੱਤ ਲਗਾਉਣ ਦੀ ਚਿਰੋਕਣੀ ਮੰਗ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਸੰਗਰਾਂਦ ਵਾਲੇ ਦਿਨ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਹੀ ਦਾ ਟੱਕ ਲਾ ਕੇ ਬੁੱਤ ਲਾਉਣ ਵਾਲੀ ਜਗ੍ਹਾ 'ਤੇ ਨੀਂਹ ਪੱਥਰ ਰੱਖਿਆ। ਹਾਲਾਂਕਿ ਇਸ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਵੀ ਚਰਚਾ ਦਾ ਵਿਸ਼ਾ ਬਣੀ ਰਹੀ।

ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਦਾ ਕੰਬੋਜ ਭਾਈਚਾਰਾ ਕਾਫੀ ਸਮੇਂ ਤੋਂ ਪਟਿਆਲਾ ਨੇੜੇ ਸਨੌਰ ਚੌਕ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਦੀ ਮੰਗ ਕਰ ਰਿਹਾ ਸੀ, ਜਿਸ ਨੂੰ ਹੈਰੀਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਬੁੱਤ ਨੂੰ ਲਗਾਉਣ ਦੀ ਮਨਜ਼ੂਰੀ ਲੈ ਕੇ ਅੱਜ ਇਸ ਦਾ ਕਹੀ ਦਾ ਟੱਕ ਲਾ ਕੇ ਨੀਂਹ ਪੱਥਰ ਰੱਖ ਦਿੱਤਾ। ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਬੁੱਤ ਨੂੰ ਲਾਉਣ 'ਚ ਸਰਕਾਰ ਦਾ ਬਹੁਤਾ ਰੋਲ ਨਹੀਂ ਹੈ, ਇਸ ਨੂੰ ਤਾਂ ਕੰਬੋਜ ਭਾਈਚਾਰੇ ਨੇ ਆਪਣੇ ਪੈਸੇ ਇਕੱਠੇ ਕਰਕੇ ਹੀ ਲਗਵਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕੰਬੋਜ ਭਾਈਚਾਰੇ ਵੱਲੋਂ ਇਸ ਬੁੱਤ ਲਈ 5 ਲੱਖ ਦੇ ਕਰੀਬ ਪੈਸੇ ਇਕੱਠੇ ਕੀਤੇ ਗਈ ਹਨ, ਜਿਸ ਨਾਲ ਹੁਣ ਬੁੱਤ ਤਿਆਰ ਹੋ ਗਿਆ ਹੈ ਅਤੇ ਇਸ ਨੂੰ ਅਗਲੇ ਮਹੀਨੇ ਇਥੇ ਸਥਾਪਤ ਕਰ ਦਿੱਤਾ ਜਾਵੇਗਾ। ਇਸ ਦਾ ਉਦਘਾਟਨ ਲੋਕ ਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਾਂਝੇ ਥਾਂ 'ਤੇ ਸ਼ਹੀਦ ਦਾ ਬੁੱਤ ਲੱਗਣ ਨਾਲ ਇੱਥੋਂ ਲੰਘਣ ਵਾਲੇ ਲੋਕਾਂ ਲਈ ਸ਼ਹੀਦ ਦੀ ਯਾਦ ਤਾਜ਼ਾ ਹੋਵੇਗੀ ਅਤੇ ਲੋਕ ਸ਼ਹੀਦ ਨੂੰ ਪ੍ਰਣਾਮ ਕਰਕੇ ਲੰਿਘਆ ਕਰਨਗੇ।

ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਡਾ. ਗੁਰਮੀਤ ਸਿੰਘ ਬਿੱਟੂ, ਅਸ਼ਵਨੀ ਬੱਤਾ ਚੇਅਰਮੈਨ, ਹਰਬੀਰ ਥਿੰਦ ਹਸਨਪੁਰ ਪ੍ਰਧਾਨ ਪੰਚਾਇਤ ਯੂਨੀਅਨ, ਸਵਿੰਦਰ ਸਿੰਘ ਧੰਜੂ ਪ੍ਰਧਾਨ, ਬਲਵਿੰਦਰ ਸਿੰਘ ਕਰਤਾਰਪੁਰ ਐੱਮਡੀ ਰਾਜ ਗਰੁੱਪ, ਬਲਵੰਤ ਸਿੰਘ ਮਹਿਮੂਦਪੁਰ, ਗੌਰਵ ਸੰਧੂ, ਦਵਿੰਦਰ ਸਿੰਘ ਮਾੜੂ, ਗੁਰਮੇਜ ਸਿੰਘ ਭੁਨਰਹੇੜੀ, ਬੂਟਾ ਸਿੰਘ ਪ੍ਰਧਾਨ ਅਤੇ ਰਘਬੀਰ ਸਿੰਘ ਵਾਈਸ ਪ੍ਰਧਾਨ ਸ਼ਹੀਦ ਊਧਮ ਸਿੰਘ ਪਾਰਕ ਸਨੌਰ, ਜਸਵਿੰਦਰ ਸਿੰਘ ਬ੍ਹਮਪੁਰ, ਰਾਜੀਵ ਗੋਇਲ ਸਨੌਰ, ਹਰਦੀਪ ਸਿੰਘ ਜੋਸਨ, ਕੁਲਵਿੰਦਰ ਸਿੰਘ ਭੁਨਰਹੇੜੀ, ਸੋਨੀ ਨਿਜ਼ਾਮਪੁਰ, ਹਰਦੀਪ ਜੋਸਨ ਪ੍ਰਧਾਨ ਤੇ ਜੀਤੂ ਥਿੰਦ ਆਦਿ ਵੀ ਹਾਜ਼ਰ ਸਨ।