ਹਰਜੀਤ ਨਿੱਜਰ, ਬਹਾਦਰਗੜ੍ਹ: ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨਿਚਰਵਾਰ ਨੂੰ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਰੇ ਸੂਬੇ ਨੂੰ ਖੇਤੀਬਾੜੀ ਮੰਡੀ ਐਲਾਨਣ ਲਈ ਤੁਰੰਤ ਆਰਡੀਨੈਂਸ ਜਾਰੀ ਕਰੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨ ਸੂਬੇ ਵਿਚ ਲਾਗੂ ਨਾ ਹੋ ਸਕਣ।

ਬਾਦਲ ਨੇ ਕਿਹਾ ਕਿ ਦਿਨ ਰਾਤ ਅਕਾਲੀ ਦਲ ਬਾਰੇ ਸੋਚ 'ਚ ਡੁੱਬੇ ਰਹਿਣ ਤੇ ਆਪਣੇ ਵਿਰੋਧੀਆਂ 'ਤੇ ਚਿੱਕੜ ਸੁੱਟਣ ਵਿਚ ਲੱਗੇ ਰਹਿਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਨਵੇਂ ਐਕਟ ਪੰਜਾਬ ਵਿਚ ਲਾਗੂ ਹੋਣ ਤੋਂ ਰੋਕਣ ਦਾ ਇਕਲੌਤਾ ਰਾਹ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨ ਕਰਨਾ ਜਾਂ ਕਿਸਾਨ ਜਿਣਸਾਂ ਲਈ ਮੰਡੀ ਐਲਾਨਣਾ ਹੈ ਕਿਉਂਕਿ ਜਿਸ ਨੂੰ ਵੀ ਰਾਜ ਸਰਕਾਰ ਮਾਨਦ ਜਾਂ ਸਰਕਾਰੀ ਮੰਡੀ ਐਲਾਨਦੀ ਹੈ, ਉਸਨੂੰ ਨਵੇਂ ਕੇਂਦਰੀ ਕਾਨੂੰਨਾਂ ਤੋਂ ਛੋਟ ਹੁੰਦੀ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਬਿੱਲਾਂ ਦੇ ਐਕਟ ਬਣਨ 'ਤੇ ਭਾਰਤ ਸਰਕਾਰ ਵੱਲੋਂ ਨੋਟੀਫਾਈ ਕੀਤੇ ਜਾਣ ਤੋਂ ਪਹਿਲਾਂ ਹੀ ਅਮਰਿੰਦਰ ਸਿੰਘ ਨੂੰ ਆਰਡੀਨੈਂਸ ਰਾਹੀਂ ਇਹ ਫ਼ੈਸਲਾ ਐਲਾਨਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੇ ਅਕਾਲੀ ਵਰਕਰਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼ੋ੍ਮਣੀ ਅਕਾਲੀ ਦਲ ਇਸ ਪਹਿਲਕਦਮੀ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਦਿਲੋਂ ਹਮਾਇਤ ਕਰੇਗਾ। ਅਕਾਲੀ ਦਲ ਨੇ ਹਰ ਸਿਆਸੀ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੀਹਾਂ ਤੋਂ ਉੱਪਰ ਉਠ ਕੇ ਅਜਿਹੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰਨਾ ਯਕੀਨੀ ਬਣਾਉਣ ਤਾਂ ਜੋ ਪੰਜਾਬ ਨੂੰ ਖੇਤੀ ਜਿਣਸਾਂ ਲਈ ਮੰਡੀ ਐਲਾਨਿਆ ਜਾ ਸਕੇ। ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨ ਹਿੱਤਾਂ ਵਾਸਤੇ ਕਿਸਾਨ ਪ੍ਰਤੀਨਿਧਾਂ ਭਾਵੇਂ ਉਹ ਕਿਸੇ ਵੀ ਜਥੇਬੰਦੀ ਦੇ ਹੋਣ ਜਾਂ ਕੋਈ ਵੀ ਪਾਰਟੀ ਜੇਕਰ ਕਿਸੇ ਵੀ ਤਰੀਕੇ ਕੋਈ ਪਹਿਲਕਦਮੀ ਦਾ ਐਲਾਨ ਕਰਦੀ ਹੈ ਭਾਵੇਂ ਉਹ ਮੁਜ਼ਾਹਰੇ ਹੋਣ, ਬੰਦ ਹੋਣ ਜਾਂ ਫਿਰ ਕੋਈ ਵੀ ਪ੍ਰਰੋਗਰਾਮ ਹੋਵੇ ਤਾਂ ਅਸੀਂ ਉਸਦੀ ਹਮਾਇਤ ਕਰਾਂਗੇ।

ਕਿਸਾਨੀ ਮਸਲੇ 'ਤੇ ਇਕ ਹੋਣ ਸਮੂਹ ਸਿਆਸੀ ਧਿਰਾਂ

ਬਾਦਲ ਨੇ ਚੌਕਸ ਕੀਤਾ ਕਿ ਪੰਜਾਬੀਆਂ ਖ਼ਾਸ ਤੌਰ 'ਤੇ ਕਿਸਾਨਾਂ ਨੂੰ ਵੰਡ ਕੇ ਇਹਨਾਂ ਦੀ ਮੁਹਿੰਮ ਨੂੰ ਵੰਡਣ ਦੀ ਡੂੰਘੀ ਸਾਜ਼ਿਸ਼ ਕੁਝ ਸਿਆਸੀ ਪਾਰਟੀਆਂ ਘੜ ਰਹੀਆਂ ਹਨ ਤਾਂ ਜੋ ਇਹ ਇਕ ਦੂਜੇ ਖ਼ਿਲਾਫ਼ ਹੀ ਡਟ ਜਾਣ ਤੇ ਛੋਟੀਆਂ ਛੋਟੀਆਂ ਗੱਲਾਂ 'ਤੇ ਆਪਸ ਵਿਚ ਉਲਝ ਜਾਣ ਤਾਂ ਜੋ ਉਹ ਕਿਸਾਨ ਹਿੱਤਾਂ ਵਾਸਤੇ ਇਕਜੁੱਟ ਹੋ ਕੇ ਲੜਾਈ ਨਾ ਲੜ ਸਕਣ। ਉਹਨਾਂ ਕਿਹਾ ਕਿ ਇਹ ਸੌੜੀ ਸਿਆਸਤ ਦਾ ਸਮਾਂ ਨਹੀਂ ਹੈ।

ਸ਼ੋ੍ਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਸੀ ਮਤਭੇਦ ਪਾਸੇ ਕਰ ਕੇ ਕਿਸਾਨਾਂ ਦੇ ਹਿੱਤਾਂ ਵਿਚ ਡਟਣ। ਉਹਨਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਇਸ ਲੜਾਈ ਵਿਚ ਸਾਰੇ ਪੰਜਾਬੀਆਂ ਦੀ ਏਕਤਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਸਾਰੇ ਪੰਜਾਬੀਆਂ ਦੀ ਏਕਤਾ ਤੇ ਦੇਸ਼ ਭਰ ਵਿਚ ਖ਼ਾਸ ਤੌਰ 'ਤੇ ਪੰਜਾਬ ਤੇ ਹਰਿਆਣਾ ਵਿਚ ਸਾਰੇ ਕਿਸਾਨਾਂ ਦੀ ਏਕਤਾ ਇਸ ਲੜਾਈ ਵਿਚ ਸਫਲਤਾ ਲਈ ਮੁੱਢਲੀ ਜ਼ਰੂਰਤ ਹੈ।