ਸੀਨੀਅਰ ਰਿਪੋਰਟਰ, ਪਟਿਆਲਾ : ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸਵੈ ਇੱਛੁਕ ਖੂਨਦਾਨ ਦਿਵਸ ਦੇ ਸਬੰਧ ਵਿਚ ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਵਲੋਂ ਵਧੀਆ ਕਾਰਗੁਜਾਰੀ ਵਾਲਿਆਂ ਨੂੰ ਸਨਮਾਨਤ ਕੀਤਾ ਜਾਵੇਗਾ। ਦਿਲਚਸਪ ਹੈ ਕਿ ਖੂਨਦਾਨੀਆਂ ਨੂੰ ਸਨਮਾਨਤ ਕੀਤੇ ਜਾਣ ਵਾਲੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸ਼ਹਿਰ ਦੀਆਂ ਸੰਸਥਾਵਾਂ ਨੂੰ ਸੱਦਾ ਨਹੀਂ ਦਿੱਤਾ ਗਿਆ, ਜਿਸ ’ਤੇ ਸਥਾਨਕ ਸੰਸਥਾਵਾਂ ਨੇ ਰੋਸ ਜਾਹਿਰ ਕੀਤਾ ਹੈ। ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਅਧਿਕਾਰੀ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਮਾਗਮ ਵਿਚ ਸੀਮਤ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ, ਇਸ ਸਬੰਧੀ ਸੁਸਾਇਟੀ ਤੇ ਕੌਂਸਲ ਵਲੋਂ ਆਪਣੇ ਪੱਧਰ ’ਤੇ ਨਿਰਦੇਸ਼ ਦਿੱਤੇ ਜਾਂਦੇ ਹਨ।

ਮਿਸ਼ਨ ਲਾਲੀ ਤੇ ਹਰਿਆਲੀ ਸੰਸਥਾ ਦੇ ਮੋਢੀ ਹਰਦੀਪ ਸਨੌਰ ਕਹਿੰਦੇ ਹਨ ਸੂਬਾ ਪੱਧਰੀ ਸਮਾਗਮ ਵਿਚ ਸ਼ਹਿਰ ਦੀਆਂ ਸੰਸਥਾਵਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਭਾਵੇਂ ਸਨਮਾਨ ਨਾ ਦੇਣਾ ਹੋਵੇ ਪਰ ਪ੍ਰੇਰਿਤ ਕਰਨ ਲਈ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਦੇਣਾ ਚਾਹੀਦਾ ਹੈ। ਜੇਕਰ ਸੱਦਾ ਨਹੀਂ ਦਿੱਤਾ ਗਿਆ ਤਾਂ ਵੀ ਉਹ ਜਾਣਗੇ ਕਿਉਂਕਿ ਸਮਾਗਮ ਵਿਚ ਸ਼ਿਰਕਤ ਕਰਨਾ ਨੈਤਿਕ ਅਧਿਕਾਰ ਹੈ। ਖੂਨਦਾਨੀ ਜਤਵਿੰਦਰ ਸਿੰਘ ਗਰੇਵਾਲ, ਪਰਮਿੰਦਰ ਭਲਵਾਨ ਤੇ ਇੰਦਰ ਕੁਮਾਰ ਨੇ ਕਿਹਾ ਕਿ ਖੂਨਦਾਨੀ ਬਿਨਾਂ ਕਿਸੇ ਸਵਾਰਥ ਤੋਂ ਲੋਕਾਂ ਨੂੰ ਨਵਾਂ ਜੀਵਨ ਦਿੰਦੇ ਹਨ, ਇਸ ਲਈ ਸਰਕਾਰ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਹੈ।

ਸੂਬੇ ਦੇ ਇਕਲੌਤੀ ਮੋਬਾਇਲ ਵੈਨ ਖਰਾਬ

ਖੂਨਦਾਨ ਪ੍ਰਤੀ ਉਤਸ਼ਾਹਿਤ ਤੇ ਖੂਨਦਾਨ ਕਰਨ ਲਈ ਤਿਆਰ ਕੀਤੀ ਗਈ ਪੰਜਾਬ ਦੀ ਇਕਲੌਤੀ ਵੈਨ ਤਿੰਨ ਮਹੀਨੇ ਤੋਂ ਖਰਾਬ ਪਈ ਹੈ। ਖੂਨਦਾਨੀਆਂ ਨੂੰ ਆਸ ਸੀ ਕਿ ਇਸ ਵਿਸ਼ੇਸ਼ ਦਿਨ ’ਤੇ ਵੈਨ ਸੇਵਾ ਮੁੜ ਸ਼ੁਰੂ ਹੋਵੇਗੀ ਪਰ ਅਜਿਹਾ ਨਹੀਂ ਹੋ ਸਕਿਆ। ਦੱਸਣਾ ਬਣਦਾ ਹੈ ਕਿ ਸਰਕਾਰ ਵਲੋਂ ਮੇਲਿਆਂ ਤੇ ਹੋਰ ਸਮਾਗਮਾਂ ਵਿਚ ਖੂਨਦਾਨ ਕਰਨ ਲਈ ਮੋਬਾਇਲ ਵੈਨ ਤਿਆਰ ਕੀਤੀ ਗਈ ਸੀ। ਜਿਸ ਵਿਚ ਤਿੰਨ ਮੈਂਬਰਾਂ ਵਲੋਂ ਇਕੋ ਸਮੇਂ ਖੂਨਦਾਨ ਕਰਨ ਤੇ ਡਾਕਟਰੀ ਸੁਵਿਧਾ ਮੁਹੱਈਆ ਕਰਵਾਈ ਗਈ ਸੀ। ਪ੍ਰੰਤੂ ਬੀਤੇ ਮਹੀਨਿਆਂ ਤੋਂ ਇਹ ਵੈਨ ਖਰਾਬ ਹੋ ਗਈ ਜੋਕਿ ਹੁਣ ਤੱਕ ਠੀਕ ਨਹੀਂ ਹੋ ਸਕੀ ਹੈ।

ਖੂਨਦਾਨੀ ਭਲਾਈ ਬੋਰਡ ਦੀ ਮੰਗ

ਖੂਨਦਾਨੀ ਸੰਸਥਾਵਾਂ ਵਲੋਂ ਲੋਕਾਂ ਦੀ ਜਾਨ ਬਚਾਉਣ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਖੂਨਦਾਨੀਆਂ ਲਈ ਭਲਾਈ ਬੋਰਡ ਗਠਿਤ ਕਰਨ ਦੀ ਮੰਗ ਕੀਤੀ ਗਈ ਹੈ। ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਚਾਰ ਲੱਖ ਖੂਨਦਾਨੀ ਹੈ, ਜਿਨਾਂ ਵਲੋਂ ਬਿਨਾਂ ਕਿਸੇ ਸਵਾਰਥ ਆਪਣਾ ਖੂਨ ਦਿੱਤਾ ਜਾਂਦਾ ਹੈ ਪ੍ਰੰਤੂ ਸਰਕਾਰ ਵਲੋਂ ਅਜਿਹੀ ਵੱਡੀ ਸੇਵਾ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਸਾਲ ਬਾਅਦ ਇਕ ਸਰਟੀਫਿਕੇਟ ਦੇ ਕੇ ਬੁੱਤਾ ਸਾਰ ਦਿੱਤਾ ਜਾਂਦਾ ਹੈ ਤੇ ਖੂਨਦਾਨੀਆਂ ਦੀ ਭਲਾਈ ਬਾਰੇ ਕੋਈ ਯੋਜਨਾ ਨਹੀਂ ਬਣਾਈ ਗਈ ਹੈ।

Posted By: Tejinder Thind