ਨਵਦੀਪ ਢੀਂਗਰਾ, ਪਟਿਆਲਾ : ਪਾਵਰਕਾਮ 'ਤੇ ਕਰਜ਼ਿਆਂ ਤੇ ਖਰਚਿਆਂ ਦਾ ਇੰਨਾ ਬੋਝ ਹੈ ਕਿ ਹਰ ਘੰਟੇ 59 ਲੱਖ ਰੁਪਏ ਸਿਰਫ ਤੇ ਸਿਰਫ ਵਿਆਜ ਪੈ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਬੈਂਕ ਜਾਂ ਹੋਰ ਸਰੋਤਾਂ ਤੋਂ ਲਏ ਕਰਜ਼ੇ ਮੋੜਨ ਲਈ ਸਰਕਾਰ ਤੋਂ ਲਏ ਬਾਂਡ ਵੀ ਪਾਵਰਕਾਮ ਨੂੰ ਮਹਿੰਗੇ ਪੈ ਰਹੇ ਹਨ।

ਉੱਜਵਲ ਡਿਸਕੌਮ ਬੀਮਾ ਯੋਜਨਾ ਯੂਡੀਏਵਾਈ ਸਕੀਮ ਤਹਿਤ ਪਾਵਰਕਾਮ ਦੇ ਕਰਜ਼ੇ ਸੂਬਾ ਸਰਕਾਰ ਵੱਲੋਂ ਆਪਣੇ ਸਿਰ ਲੈ ਕੇ ਇਸ ਬਦਲੇ ਪੀਐੱਸਪੀਸੀਐੱਲ ਨੂੰ ਬਾਂਡ ਦਿੱਤੇ ਗਏ ਸਨ। ਇਸ ਸਕੀਮ ਅਨੁਸਾਰ ਪਹਿਲੇ ਚਾਰ ਸਾਲਾਂ ਵਿਚ ਪਾਵਰਕਾਮ ਅੱਗੇ ਆਪਣੇ ਬਿਜਲੀ ਚੋਰੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੀ ਸ਼ਰਤ ਵੀ ਰੱਖੀ ਗਈ। ਪਰ ਨਾ ਤਾਂ ਨੁਕਸਾਨ 'ਤੇ ਕਾਬੂ ਪਾਇਆ ਜਾ ਸਕਿਆ ਅਤੇ ਨਾ ਹੀ ਚੋਰੀ ਘਟੀ ਹੈ।

ਇਸੇ ਸਕੀਮ ਤਹਿਤ ਹੀ ਸੂਬਾ ਸਰਕਾਰ ਵਲੋਂ 21,710 ਕਰੋੜ ਦੇ ਸਰਕਾਰੀ ਬਾਂਡ ਪਾਵਰਕਾਮ ਨੂੰ ਦਿੱਤੇ ਗਏ ਹਨ। ਏਆਰਆਰ ਦੇ ਪੰਨਾ ਨੰਬਰ 97 'ਤੇ ਦਿੱਤੀ ਜਾਣਕਾਰੀ ਅਨੁਸਾਰ ਜਿਸ ਦੇ ਸਾਢੇ 15 ਫੀਸਦੀ ਵਿਆਜ ਦੇ ਹਿਸਾਬ ਨਾਲ ਪਾਵਰਕਾਮ ਨੂੰ ਇਕੱਲਾ ਵਿਆਜ ਪ੍ਰਤੀ ਸਾਲ 3423 ਕਰੋੜ ਰੁਪਏ ਅਦਾ ਕਰਨਾ ਹੋਵੇਗਾ।

ਪਾਵਰਕਾਮ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮਹਿਕਮੇ ਕੋਲ ਬਹੁਤ ਹੀ ਤਜਰਬੇਗਾਰ ਇੰਜੀਨੀਅਰ ਹਨ। ਜੇਕਰ ਸਹੀ ਦਿਸ਼ਾ ਵਿਚ ਕੰਮ ਕੀਤਾ ਜਾਵੇ ਤਾਂ ਮਾਹਰਾਂ ਵੱਲੋਂ ਪਾਵਰਕਾਮ ਦੇ ਖਰਚਿਆਂ ਤੇ ਨੁਕਸਾਨ 'ਤੇ ਠੱਲ ਪਾ ਕੇ ਮੁੜ ਪੈਰੀਂ ਖੜ੍ਹਾ ਕੀਤਾ ਜਾ ਸਕਦਾ ਹੈ।

ਖਰਚਿਆਂ 'ਚ ਦਰਸਾਇਆ ਜਾ ਰਿਹਾ ਵਿਆਜ

ਪਾਵਰਕਾਮ ਵੱਲੋਂ ਆਪਣੇ ਕਰਜ਼ਿਆਂ ਦੇ ਵਿਆਜ ਨੂੰ ਖਰਚਿਆਂ ਵਿਚ ਦਰਸਾਇਆ ਜਾ ਰਿਹਾ ਹੈ। ਸਾਲਾਨਾ ਰੈਵੀਨਿਊ ਰਿਪੋਰਟ ਦੇ ਪੰਨਾ ਨੰਬਰ 112 'ਤੇ ਪਾਵਰਕਾਮ ਦੇ ਜਨਰੇਸ਼ਨ ਤੇ ਡਿਸਟ੍ਰੀਬਿਊਸ਼ਨ 'ਤੇ ਕਰੋੜਾ ਦੇ ਵਿਆਜ ਦਾ ਬੋਝ ਹੈ। ਏਆਰਆਰ ਅਨੁਸਾਰ ਵਰਕਿੰਗ ਕੈਪੀਟਲ ਵਿਆਜ ਜਨਰੇਸ਼ਨ 'ਤੇ 146.42 ਕਰੋੜ ਤੇ ਡਿਸਟ੍ਰੀਬਿਊਸ਼ਨ 'ਤੇ 719 ਕਰੋੜ, ਕੰਜ਼ਿਊਮਰ ਸਕਿਉਰਿਟੀ ਡਿਪਾਜ਼ਿਟ ਵਿਆਜ ਡਿਸਟ੍ਰੀਬਿਊਸ਼ਨ ਦਾ 180 ਕਰੋੜ, ਇੰਟ੍ਸਟ ਚਾਰਜਿਜ਼ ਜਨਰੇਸ਼ਨ 'ਤੇ 110.72 ਕਰੋੜ ਤੇ ਡਿਸਟ੍ਰੀਬਿਊਸ਼ਨ 'ਤੇ 695 ਕਰੋੜ ਹੈ। ਪਾਵਰਕਾਮ ਵੱਲੋਂ ਇਹ ਵਿਆਜ ਖਰਚਿਆਂ ਵਿਚ ਗਿਣ ਕੇ ਬਿਜਲੀ ਦੇ ਬਿੱਲਾਂ ਰਾਹੀਂ ਖਪਤਕਾਰਾਂ ਤੋਂ ਹੀ ਭਰਵਾਇਆ ਜਾ ਰਿਹਾ ਹੈ।

ਨਹੀਂ ਰੁਕ ਰਿਹਾ ਬਿਜਲੀ ਚੋਰੀ ਦਾ ਘਾਟਾ

ਪਿਛਲੇ ਛੇ ਸਾਲਾਂ ਦੌਰਾਨ ਪੰਜਾਬ ਵਿਚ 6 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ ਹੈ, ਜੋ ਕਿ ਕਿਸਾਨਾਂ ਅਤੇ ਬੀਪੀਐੱਲ ਪਰਿਵਾਰਾਂ ਲਈ ਰਾਜ ਸਰਕਾਰ ਦੀ ਸਾਲਾਨਾ ਸਬਸਿਡੀ ਦੇ ਲਗਪਗ ਬਰਾਬਰ ਹੈ। ਪੰਜਾਬ ਵਾਸੀ ਸਾਲਾਨਾ ਇਕ ਹਜ਼ਾਰ ਤੋਂ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ ਜਿਸ ਵਿਚ ਤਰਨਤਾਰਨ ਅਤੇ ਅੰਮਿ੍ਤਸਰ ਜ਼ਿਲ੍ਹੇ ਮੋਹਰੀ ਹਨ। ਦਿਹਾਤੀ ਖੇਤਰਾਂ ਵਿਚ 800 ਕਰੋੜ ਰੁਪਏ ਸਾਲਾਨਾ ਘਾਟਾ ਹੈ, ਜਦੋਂਕਿ ਸ਼ਹਿਰੀ ਖਪਤਕਾਰ (ਘਰੇਲੂ ਅਤੇ ਵਪਾਰਕ) 300 ਕਰੋੜ ਰੁਪਏ ਦੀ ਚੋਰੀ ਕਰਦੇ ਹਨ ਅਤੇ ਉਦਯੋਗਿਕ ਖੇਤਰ 100 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ।