ਭਾਰਤ ਭੂਸ਼ਣ ਗੋਇਲ, ਸਮਾਣਾ

ਸਿਟੀ ਥਾਨਾ ਪੁਲਿਸ ਵੱਲੋਂ ਸ਼ਕਤੀ ਵਾਟਿਕਾ ਕਾਲੋਨੀ ਵਿਚ ਕੰਮ ਕਰ ਰਹੇ ਮਜ਼ਦੂਰਾ ਦੀ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਥਾਣੇ ਵਿਚ ਬੰਦ ਕਰਨ ਦੇ ਵਿਰੋਧ ਵਿਚ ਕਾਲੋਨੀ ਵਾਸੀਆਂ ਨੇ ਸਮਾਣਾ-ਪਟਿਆਲਾ ਸੜਕ ਤੇ ਸਥਿਤ ਭਾਖੜ ਪੁਲ 'ਤੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕਰਦਿਆਂ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਧਰਨੇ ਦੀ ਇਤਲਾਹ ਮਿਲਣ 'ਤੇ ਡੀਐੱਸਪੀ ਸਮਾਣਾ ਜਸਵੰਤ ਸਿੰਘ ਮਾਂਗਟ ਪੁਲਿਸ ਪਾਰਟੀ ਸਣੇ ਮੌਕੇ 'ਤੇ ਪਹੰੁਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਧਰਨੇ 'ਤੇ ਬੇਠੇ ਕਾਲੋਨੀ ਵਾਸੀਆਂ ਪ੍ਰਮੋਦ ਤੇ ਅਸ਼ਵਨੀ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਦੇ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਵਿਚ ਦਰਜਨ ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸਿਟੀ ਥਾਣੇ ਵਿਚ ਤਾਇਨਾਤ ਪੁਲਿਸ ਅਧਿਕਾਰੀ ਨੇ ਕਾਲੋਨੀ ਵਿਚ ਪਹੰੁਚ ਕੇ ਬਿਨਾਂ ਕਿਸੇ ਕਾਰਨ ਉਸਾਰੀ ਕਿਰਤੀਆਂ ਨਾਲ ਕੁੱਟਮਾਰ ਕਰ ਕੇ ਥਾਣਾ ਸਿਟੀ ਲਿਆ ਕੇ ਬੰਦ ਕਰ ਦਿੱਤਾ। ਇਸ ਉਪਰੰਤ ਕਾਲੋਨੀ ਨਿਵਾਸੀਆਂ ਨੇ ਸਿਟੀ ਥਾਣੇ ਪਹੰੁਚ ਕੇ ਮਜ਼ਦੂਰਾਂ ਨਾਲ ਕੁੱਟਮਾਰ ਕਰਨ ਦਾ ਵਿਰੋਧ ਕਰਦਿਆਂ ਕਾਰਨ ਪੁੱਿਛਆ ਤਾ ਪੁਲਿਸ ਅਧਿਕਾਰੀ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਜੀਰਕਪੁਰ ਨਿਵਾਸੀ ਕਾਲੋਨਾਈਜ਼ਰ ਨੇ ਸ਼ਕਤੀ ਵਾਟਿਕਾ ਕਾਲੋਨੀ ਕੱਟੀ ਸੀ ਤੇ ਉਸ ਦੀ ਚਾਰਦੀਵਾਰੀ ਕੀਤੀ ਗਈ ਸੀ ਪਰ ਹੁਣ ਉਸ ਭੂ-ਮਾਫੀਆਂ ਵੱਲੋਂ ਕਾਲੋਨੀ ਦੇ ਪਿੱਛੇ ਹੋਰ ਜਗ੍ਹਾ ਦੀ ਖ਼ਰੀਦ ਕੀਤੀ ਗਈ ਹੈ ਅਤੇ ਹੁਣ ਉਹ ਨਵੀਂ ਕਾਲੋਨੀ ਦਾ ਕੰਮ ਕਰਵਾਉਣਾ ਚਾਹੰੁਦਾ ਸੀ ਤੇ ਰਸਤਾ ਕਾਲੋਨੀ ਵਿੱਚੋਂ ਕੱਢਣਾ ਚਾਹੰੁਦਾ ਸੀ। ਇਸ ਤੋਂ ਪਹਿਲਾ ਵੀ ਕਾਲੋਨਾਈਜ਼ਰ ਨੇ ਕਾਲੋਨੀ ਦੀ ਕੰਧ ਨੂੰ ਜਬਰਦਸਤੀ ਤੋੜ ਕੇ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਲੋਨਾਈਜ਼ਰ ਨੇ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਰਸਤਾ ਕੱਢਣ ਲਈ ਹੱਥਕੰਢੇ ਵਰਤੇ ਜਾ ਰਹੇ ਹਨ।

ਇਸ ਮੌਕੇ ਪਹੰੁਚੇ ਡੀ.ਐਸ.ਪੀ. ਜਸਵੰਤ ਸਿੰਘ ਮਾਂਗਟ ਨੇ ਕਲੋਨੀ ਵਾਸੀਆਂ ਨੂੰ ਸੜਕ ਤੋਂ ਜਾਮ ਹਟਾਉਣ ਦੀ ਅਪੀਲ ਕੀਤੀ ਪਰ ਪ੍ਰਦਰਸ਼ਨ ਕਰ ਰਹੇ ਕਾਲੋਨੀ ਵਾਸੀਆਂ ਨੇ ਮਜ਼ਦੂਰਾਂ ਨਾਲ ਕੁੱਟਮਾਰ ਕਰਨ ਵਾਲੇ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤਕ ਸਬੰਧਤ ਅਧਿਕਾਰੀ ਨੂੰ ਮੁਅਤਲ ਨਹੀਂ ਕੀਤਾ ਜਾਂਦਾ ਉਸ ਸਮੇਂ ਤਕ ਧਰਨਾ ਜਾਰੀ ਰਹੇਗਾ। ਇਸ ਮੌਕੇ ਤਰਸੇਮ ਸਿੰਗਲਾ, ਪਿੰਕੀ ਬਾਂਸਲ, ਨਸੀਬ ਚੰਦ ਗੋਇਲ, ਤਰਸੇਮ ਗਰਗ, ਮਹਿੰਦਰ ਸਿੰਘ ਧੀਮਾਨ, ਸਤੀਸ਼ ਪੱਪੀ, ਪ੍ਰਵੀਨ ਸ਼ਰਮਾ,ਅਨੀਲ ਸ਼ਰਮਾ, ਗੋਪਾਲ ਕੁਮਾਰ ਤੋਂ ਇਲਾਵਾ ਸੈਂਕੜੇ ਕਾਲੋਨੀ ਵਾਸੀ ਹਾਜ਼ਰ ਸਨ।