ਸਟਾਫ ਰਿਪੋਰਟਰ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਆਪਣੀ ਧੀ ਗੁਰਕੀਰਤ ਕੌਰ ਦੇ ਵਿਆਹ ਦਾ ਸਮਾਗਮ ਜਿੱਥੇ ਗੁਰਦੁਆਰਾ ਸਿੰਘ ਸਭਾ ਵਿਚ ਸਾਦੇ ਢੰਗ ਨਾਲ ਕਰਕੇ ਨਵੀਂ ਮਿਸਾਲ ਪੈਦਾ ਕੀਤੀ ਹੈ ਉੱਥੇ ਹੀ ਉਨ੍ਹਾਂ ਆਏ ਕਿਸੇ ਵੀ ਰਿਸ਼ਤੇਦਾਰ, ਮਿੱਤਰ, ਸਬੰਧੀ ਤੋਂ ਕੋਈ ਵੀ ਸ਼ਗਨ ਪ੍ਰਰਾਪਤ ਨਾ ਕਰਕੇ ਨਵੀਂ ਪਿਰਤ ਪਾਈ ਹੈ। ਜਾਣਕਾਰੀ ਅਨੁਸਾਰ ਸਤਵਿੰਦਰ ਸਿੰਘ ਟੌਹੜਾ ਨੇ ਇਸ ਸਮਾਗਮ ਸਬੰਧੀ ਜ਼ਿਆਦਾਤਰ ਕਾਰਡ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਭੇਜੇ ਹਨ ਤੇ ਨਾਲ ਸੁਨੇਹਾ ਵੀ ਭੇਜਿਆ ਕਿ ਇਹ ਕਾਰਡ ਇੰਜ ਹੀ ਵਟਸ ਐਪ 'ਤੇ ਪ੍ਰਵਾਨ ਕੀਤਾ ਜਾਵੇ, ਉਨ੍ਹਾਂ ਕਿਸੇ ਵੀ ਸਨੇਹੀ ਨੂੰ ਕਾਰਡ ਨਾਲ ਕੋਈ ਵੀ ਡੱਬਾ ਜਾਂ ਮਠਿਆਈ ਨਹੀਂ ਭੇਜੀ, ਸਗੋਂ ਉਨ੍ਹਾਂ ਨੇ ਸਨੇਹੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਕਿ ਉਹ ਇਸ ਵਿਆਹ ਦੇ ਸਮਾਗਮ ਵਿਚ ਜ਼ਰੂਰ ਆਉਣ ਪਰ ਸ਼ਗਨ ਦੇਣ ਦੀ ਖੇਚਲ ਨਾ ਕਰਨ। ਅੱਜ ਇਸ ਵਿਆਹ ਸਮਾਗਮ ਵਿਚ ਪੁੱਜੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਚਲ ਰਹੀਆਂ ਪਿਰਤਾਂ ਨੂੰ ਕੋਈ ਸ਼ੇਰ ਮਰਦ ਹੀ ਭੰਗ ਕਰਦਾ ਹੈ, ਨਹੀਂ ਤਾਂ ਲੋਕ ਸਮਾਜ ਦੀਆਂ ਜਕੜਾਂ ਵਿਚ ਜਕੜੇ ਹੋਏ ਚੱਲਦੀਆਂ ਰਵਾਇਤਾਂ ਤੋਂ ਇੰਚ ਵੀ ਪਰ੍ਹਾਂ ਨਹੀਂ ਹੁੰਦੇ। ਇਸ ਵੇਲੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਆਈਜੀ ਰਣਬੀਰ ਸਿੰਘ ਖੱਟੜਾ, ਸੁਰਜੀਤ ਸਿੰਘ ਗੜੀ, ਜਰਨੈਲ ਸਿੰਘ ਕਰਤਾਰਪੁਰ, ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਅਬਲੋਵਾਲ, ਹਰਵਿੰਦਰ ਸਿੰਘ ਹਰਪਾਲਪੁਰ, ਆਮ ਆਦਮੀ ਪਾਰਟੀ ਦੇ ਵਕੀਲਾਂ ਦੇ ਵਿੰਗ ਦੇ ਮੁਖੀ ਗਿਆਨ ਸਿੰਘ ਮੁੰਗੋ ਤੋਂ ਇਲਾਵਾ ਇੱਥੇ ਵੱਖ ਵੱਖ ਪਾਰਟੀਆਂ ਦੇ ਆਗੂ ਸੰਤ ਸਮਾਜ, ਸ਼੍ਰੋਮਣੀ ਕਮੇਟੀ ਦੇ ਮੈਂਬਰ ਆਦਿ ਵੱਡੀ ਗਿਣਤੀ ਸੱਜਣ ਮਿੱਤਰ ਆਏ, ਪਰ ਸਤਵਿੰਦਰ ਸਿੰਘ ਟੌਹੜਾ ਨੇ ਕਿਸੇ ਤੋਂ ਵੀ ਕੋਈ ਵੀ ਸ਼ਗਨ ਸਵੀਕਾਰ ਨਹੀਂ ਕੀਤਾ। ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਨਿੱਕੇ ਜਿਹੇ ਸੱਦੇ 'ਤੇ ਸਾਰੇ ਮਿੱਤਰ ਪਿਆਰੇ ਸਨੇਹੀ ਆਏ ਹਨ, ਉਸ ਲਈ ਉਨ੍ਹਾਂ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ, ਪਰ ਸ਼ਗਨ ਅਤੇ ਮੈਰਿਜ ਪੈਲੇਸਾਂ ਵਿਚ ਵਿਆਹ ਤੇ ਵਾਧੂ ਖਰਚਾ ਰੋਕਣ ਲਈ ਕਿਸੇ ਨੂੰ ਤਾਂ ਪਹਿਲ ਕਰਨੀ ਹੋਵੇਗੀ।