ਪੱਤਰ ਪੇ੍ਰਰਕ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂ ਪੱਤਰ ਲਿਖ ਕੇ ਅਫ਼ਗਾਨਿਸਤਾਨ ’ਚ ਵਸਦੇ ਸਿੱਖਾਂ ਦੀ ਸੁਰੱਖਿਆ ਤਹਿਤ ਭਾਰਤ ਲਿਆਏ ਜਾਣ ਦੀ ਮੰਗ ਕੀਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਲਗਾਤਾਰ ਦਹਿਸ਼ਤਗਰਦਾਂ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲੇ ’ਚ ਸਿੱਖਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਤੇ ਬੀਤੇ ਦਿਨੀਂ ਕਿਸੇ ਸਿੱਖ ਦੀ ਦੁਕਾਨ ’ਚ ਧਮਾਕਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਹਮਲੇ ਲਗਾਤਾਰ ਵਧ ਰਹੇ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਯੂਕਰੇਨ-ਰੂਸ ਜੰਗ ਦੌਰਾਨ ਕੇਂਦਰ ਸਰਕਾਰ ਨੇ ਸਾਰੇ ਹੀ ਭਾਰਤੀਆਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ, ਜੋ ਸ਼ਲਾਘਾਯੋਗ ਉਪਰਾਲਾ ਸੀ। ਅਜੌਕੇ ਸਮੇਂ ’ਚ ਅਫ਼ਗਾਨਿਸਤਾਨ ਵਿਚ ਰਾਜਨੀਤਕ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ਅਤੇ ਨਸਲੀ ਵਿਤਕਰੇ ਕਰਕੇ ਸਿੱਖਾਂ ਤੇ ਸਿੱਖ ਗੁਰਧਾਮਾਂ ’ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਹੈ ਕਿ ਦੋ ਵੱਖ-ਵੱਖ ਜਥਿਆਂ ਰਾਹੀਂ ਅਫ਼ਗਾਨਿਸਤਾਨ ਤੋਂ ਸਿੱਖ ਤੇ ਹੋਰ ਭਾਰਤੀ ਵਾਪਸ ਆ ਰਹੇ ਹਨ, ਪ੍ਰੰਤੂ ਅੱਜ ਵੀ ਤਕਰੀਬਨ 150 ਸਿੱਖਾਂ ਸਮੇਤ ਸਿੱਖ ਪਰਿਵਾਰ ਅਜੇ ਵੀ ਫਸੇ ਹੋਏ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਵਿਸ਼ੇਸ਼ ਉਪਰਾਲੇ ਕਰਕੇ ਅਫ਼ਗਾਨਿਸਤਾਨ ਵਿਚ ਫਸੇ ਸਿੱਖਾਂ ਨੂੰ ਸਹੀ ਸਲਾਮਤ ਭਾਰਤ ਲਿਆਂਦੇ ਜਾਵੇ।

Posted By: Shubham Kumar