ਸਟਾਫ ਰਿਪੋਰਟਰ, ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਫ਼ੈਸਲੇ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਕੈਦੀ ਨੰਦ ਸਿੰਘ ਨੂੰ ਵੀਰਵਾਰ ਦੀ ਸ਼ਾਮ ਰਿਹਾਅ ਕਰ ਦਿੱਤਾ ਗਿਆ ਹੈ। ਨੰਦ ਸਿੰਘ ਨੂੰ ਲੈਣ ਲਈ ਕੇਂਦਰੀ ਜੇਲ੍ਹ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚੇ ਜਿੱਥੇ15-15 ਹਜ਼ਾਰ ਰੁਪਏ ਦੇ ਦੋ ਬਾਊਂਡ ਭਰਨ ਤੋਂ ਬਾਅਦ ਰਿਹਾਈ ਕੀਤੀ ਗਈ ਹੈ।

ਨੰਦ ਸਿੰਘ ਨੂੰ ਜੇਲ੍ਹ ਵਿਚ ਲੈਣ ਪੁੱਜੇ ਪਰਿਵਾਰਕ ਮੈਂਬਰਾਂ ਵਿਚ ਸ਼ਾਮਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਨੰਦ ਸਿੰਘ ਖ਼ਿਲਾਫ਼ 1995 'ਚ ਕਤਲ ਦਾ ਕੇਸ ਦਰਜ ਹੋਇਆ ਸੀ, ਉਦੋਂ ਤੋਂ ਉਹ ਜੇਲ੍ਹ ਵਿਚ ਹੀ ਬੰਦ ਹਨ।ਇਸੇ ਦੌਰਾਨ ਬੁੜੈਲ ਜੇਲ੍ਹ ਵਿਚ ਬੰਦ ਰਹਿੰਦਿਆਂ ਨੰਦ ਸਿੰਘ ਦੀ ਦੋਸਤੀ ਜਗਤਾਰ ਸਿੰਘ ਹਵਾਰਾ ਨਾਲ ਹੋਈ ਸੀ, ਜਿਸ ਵਜ੍ਹਾ ਕਾਰਨ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ।

ਜਗਤਾਰ ਸਿੰਘ ਹਵਾਰਾ ਨੇ ਬੁੜੈਲ ਜੇਲ੍ਹ ਬ੍ਰੇਕ ਕੀਤੀ ਸੀ, ਇਸ ਕੇਸ ਵਿਚ ਨੰਦ ਸਿੰਘ ਦਾ ਨਾਂ ਵੀ ਸ਼ਾਮਲ ਹੋਇਆ ਸੀ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਇਸ ਕੇਸ ਵਿਚੋਂ ਨੰਦ ਸਿੰਘ ਨੂੰ ਬਰੀ ਕਰ ਦਿੱਤਾ ਸੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਨੰਦ ਸਿੰਘ ਨੂੰ ਰਿਹਾਅ ਕਰਵਾਉਣ ਲਈ ਲਗਾਤਾਰ ਅਦਾਲਤ ਵਿਚ ਅਰਜ਼ੀਆਂ ਦਾਖ਼ਲ ਕਰ ਰਹੇ ਸਨ ਪਰ ਵਾਰ ਵਾਰ ਪੁਲਿਸ ਦੀ ਨੈਗੇਟਿਵ ਰਿਪੋਰਟ ਹੋਣ ਕਾਰਨ ਰਿਹਾਈ ਸੰਭਵ ਨਹੀਂ ਹੋ ਸਕੀ। ਹੁਣ ਹਾਈਕੋਰਟ ਦੇ ਹੁਕਮਾਂ 'ਤੇ ਰਿਹਾਈ ਮਿਲੀ ਹੈ।

ਜੇਲ੍ਹ 'ਚੋਂ ਬਾਹਰ ਨਿਕਲਦਿਆਂ ਪੱਤਰਕਾਰ ਨਾਲ ਗੱਲ ਕਰਦਿਆਂ ਨੰਦ ਸਿੰਘ ਨੇ ਕਿਹਾ ਕਿ ਉਹ ਪੂਰੇ ਸਿੱਖ ਜਗਤ ਅਤੇ ਦੋਵਾਂ ਸਰਕਾਰਾਂ ਅਤੇ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਨ।