ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਚੀਮਾ ਮੰਡੀ ਵਿਚਕਾਰੋਂ ਲੰਘਦੇ ਸੁਨਾਮ-ਮਾਨਸਾ ਮੁੱਖ ਮਾਰਗ 'ਤੇ ਇਕ ਪਾਸੇ ਦੀਆਂ ਦੁਕਾਨਾਂ ਅੱਗੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਦੁਕਾਨਦਾਰ ਡਾਢੇ ਦੁਖੀ ਹਨ। ਦੁਕਾਨਦਾਰ ਭੀਮ ਸੈਨ, ਰਾਜਵੀਰ ਸਿੰਘ, ਜੀਵਨ ਕੁਮਾਰ, ਰੂਪ ਚੰਦ, ਲਖਵਿੰਦਰ ਕੁਮਾਰ, ਸੁਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਜਦੋਂ ਵੀ ਥੋੜ੍ਹੀ ਜਿਹੀ ਬਾਰਸ਼ ਪੈਂਦੀ ਹੈ ਤਾਂ ਮੇਨ ਸੜਕ ਦੇ ਨਾਲ ਵਾਲੀ ਜਗ੍ਹਾ ਨੀਵੀਂ ਹੋਣ ਕਾਰਨ ਮੀਂਹ ਦਾ ਪਾਣੀ ਕਈ ਦਿਨ ਖੜ੍ਹਾ ਰਹਿੰਦਾ ਹੈ ਜਦਕਿ ਸੀਵਰੇਜ ਹੋਲ ਉੱਚਾ ਹੋਣ ਕਾਰਨ ਪਾਣੀ ਉਸ 'ਚ ਨਹੀਂ ਪੈਂਦਾ।

ਉਕਤ ਮਸਲੇ ਸਬੰਧੀ ਜਦੋਂ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਇਹ ਗਲਤੀ ਸੜਕ ਬਣਾਉਣ ਵਾਲਿਆਂ ਦੀ ਹੈ ਕਿਉਂਕਿ ਸੜਕ ਦੇ ਨਾਲ-ਨਾਲ ਥਾਂ ਨੀਵਾਂ ਰੱਖਣ ਕਾਰਨ ਇਹ ਪਾਣੀ ਖੜ੍ਹਦਾ ਹੈ।ਉਨਾਂ੍ਹ ਕਿਹਾ ਕਿ ਸੜਕ ਦੇ ਦੂਜੇ ਪਾਸੇ ਜਗ੍ਹਾ ਉੱਚੀ ਹੋਣ ਕਾਰਨ ਪਾਣੀ ਨਹੀਂ ਖੜ੍ਹਦਾ।ਉਨਾਂ੍ਹ ਦੱਸਿਆ ਕਿ ਇਸ ਪਾਸੇ ਵੀ ਸੀਵਰੇਜ ਨਗਰ ਪੰਚਾਇਤ ਵੱਲੋਂ ਪਾਇਆ ਹੈ ਪਰ ਪਾਣੀ ਜਗ੍ਹਾ ਨੀਵੀਂ ਹੋਣ ਕਰਕੇ ਖੜ੍ਹਦਾ ਹੈ ਜੋ ਕਿ ਸੀਵਰੇਜ ਵਿਚ ਨਹੀਂ ਪੈਂਦਾ।ਉਨਾਂ੍ਹ ਕਿਹਾ ਕਿ ਇਸ ਪਾਣੀ ਦੇ ਨਿਕਾਸ ਲਈ ਸੜਕ ਬਣਾਉਣ ਸਮੇਂ ਨਿਕਾਸੀ ਨਾਲੇ ਦਾ ਪ੍ਰਬੰਧ ਨਹੀਂ ਕੀਤਾ ਗਿਆ।