ਐੱਚਐੱਸ ਸੈਣੀ, ਰਾਜਪੁਰਾ : ਇੱਥੋਂ ਦੀ ਮੋਬਾਈਲ ਐਸੋਸੀਏਸ਼ਨ ਅਤੇ ਇਲੈਕਟੋ੍ਨਿਕ ਐਸੋਸੀਏਸ਼ਨ ਦੇ ਚੇਅਰਮੈਨ ਵਰੁਣ ਕੁਮਾਰ, ਪ੍ਰਧਾਨ ਮਨੋਜ ਕੁਮਾਰ, ਸੰਜੀਵ ਧੰਮੀ, ਯੋਗੇਸ਼ ਕੱਕੜ ਦੀ ਸਾਂਝੀ ਅਗਵਾਈ ਹੇਠ ਦੁਕਾਨ ਮਾਲਕਾਂ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਲ ਦੌਰਾਨ ਦੁਕਾਨਾਂ ਬੰਦ ਰੱਖਣ ਦਾ ਵਿਰੋਧ ਕਰਦਿਆਂ ਮੁਜ਼ਾਹਰਾ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਨੋਜ ਕੁਮਾਰ ਸੰਜੀਵ ਧੰਮੀ, ਯੋਗੇਸ਼ ਕੱਕੜ ਸਮੇਤ ਹੋਰਨਾਂ ਨੇ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਬਾਜ਼ਾਰਾਂ ਵਿਚ ਮੋਬਾਈਲਾਂ ਅਤੇ ਇਲੈਕਟੋ੍ਨਿਕ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਰਾਜਪੁਰਾ 'ਚ ਕਿਉਂ ਨਹੀਂ ਖੁੱਲ੍ਹਣ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਪਿਛਲਾ ਸਾਲ ਬਹੁਤ ਹੀ ਮੰਦਾ ਨਿਕਲਿਆ ਹੈ ਤੇ ਜੇਕਰ ਇਸ ਸਾਲ ਵੀ ਦੁਕਾਨਾਂ ਬੰਦ ਰਹੀਆਂ ਤਾਂ ਲੋਕਾਂ ਨੇ ਖ਼ੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਹਨ। ਉਨ੍ਹਾਂ ਦੀਆਂ ਦੁਕਾਨਾਂ 'ਚ ਲੱਖਾਂ ਰੁਪਏ ਦੇ ਫਰਿੱਜ, ਏਸੀ ਮੋਬਾਈਲ ਸਮੇਤ ਹੋਰ ਗਰਮੀਆਂ ਦੇ ਸੀਜ਼ਨ ਵਾਲਾ ਸਾਮਾਨ ਪਿਆ ਹੈ। ਉਹ ਸਾਮਾਨ ਸਿਰਫ ਗਰਮੀਆਂ ਸ਼ੁਰੂ ਹੋਣ ਅਤੇ ਗਰਮੀਆਂ 'ਚ ਹੀ ਵੇਚਿਆ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੋਰੋਨਾ ਸਬੰਧੀ ਸਾਰੀਆਂ ਹਦਾਇਤਾਂ ਅਨੁਸਾਰ ਹੀ ਦੁਕਾਨਾਂ ਖੋਲ੍ਹਣਗੇ। ਉਨ੍ਹਾਂ ਮੰਗ ਕੀਤੀ ਕਿ ਦੁਕਾਨਾਂ ਜਲਦੀ ਖੱੁਲ੍ਹਵਾਈਆਂ ਜਾਣ।