ਨਵਦੀਪ ਢੀਂਗਰਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ ਦੇ ਦੂਸਰੇ ਦਿਨ ਪਬਲੀਕੇਸ਼ਨ ਬਿਊਰੋ ਅਤੇ ਬਾਕੀ ਪ੍ਰਕਾਸ਼ਕਾਂ ਨੂੰ ਸੁਖਦ ਖ਼ਬਰ ਮਿਲੀ, ਜਦੋਂ ਸੰਸਾਰ ਪ੍ਰਸਿੱਧ ਸਰਜਨ ਡਾ. ਸਤਨਾਮ ਸਿੰਘ ਨਿੱਜਰ ਨੇ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਲਾਇਬ੍ਰੇਰੀ ਲਈ ਚਾਰ ਲੱਖ ਰੁਪਏ ਦੀਆਂ ਪੁਸਤਕਾਂ ਦੀ ਖ਼ਰੀਦ ਵਾਸਤੇ ਰਾਬਤਾ ਕਾਇਮ ਕੀਤਾ। ਡਾਇਰੈਕਟਰ ਪਬਲੀਕੇਸ਼ਨ ਬਿਊਰੋ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਰਕਮ ਵਿਚੋਂ ਦੋ ਲੱਖ ਰੁਪਏ ਦੀਆਂ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਅਤੇ ਦੋ ਲੱਖ ਰੁਪਏ ਦੀਆਂ ਪੁਸਤਕਾਂ ਬਾਕੀ ਪ੍ਰਕਾਸ਼ਕਾਂ ਕੋਲੋਂ ਖਰੀਦੀਆਂ ਜਾਣਗੀਆਂ।

ਸਰਜਨ ਡਾ. ਸਤਨਾਮ ਸਿੰਘ ਨਿੱਜਰ ਨੇ ਦੱਸਿਆ ਕਿ ਸ਼ਿਵ ਕੁਮਾਰ ਉਨ੍ਹਾਂ ਦੇ ਬਚਪਨ ਦਾ ਦੋਸਤ ਅਤੇ ਬਟਾਲਾ ਸ਼ਹਿਰ ਦਾ ਮਾਣ ਹੈ। ਜ਼ਿੰਦਗੀ ਵਿਚ ਬਹੁਤ ਕੁਝ ਕੀਤਾ ਅਤੇ ਬਹੁਤ ਕੁਝ ਕਮਾਇਆ ਪਰ ਮਨ ਵਿਚ ਇਹ ਗੱਲ ਸਾਰੀ ਜਿੰਦਗੀ ਉਸਲਵੱਟੇ ਲੈਂਦੀ ਰਹੀ ਕਿ ਸ਼ਿਵ ਕੁਮਾਰ ਲਈ ਕੀ ਕੀਤਾ ਹੈ। ਉਨ੍ਹਾਂ ਸੋਚਿਆ ਕਿ ਬਟਾਲੇ ਵਿਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਇਸੇ ਕਾਰਜ ਲਈ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ ਦੀ ਸੂਚਨਾ ਮਿਲਦਿਆਂ ਹੀ ਸ਼ਿਵ ਕੁਮਾਰ ਦੀਆਂ ਸਾਰੀਆਂ ਪੁਸਤਕਾਂ ਲੈਣ ਲਈ ਯੂਨੀਵਰਸਿਟੀ ਨਾਲ ਰਾਬਤਾ ਕੀਤਾ ਹੈ।

ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਇਕ ਸਰਜਨ ਨੇ ਇੰਨੀ ਰੀਝ ਨਾਲ ਪੰਜਾਬ ਦੇ ਦਰਦ ਨੂੰ ਸਮਿਝਆ ਅਤੇ ਇਸ ਦਰਦ ਨੂੰ ਦੂਰ ਕਰਨ ਲਈ ਕਿਤਾਬ ਦੇ ਮਾਧਿਅਮ ਰਾਹੀਂ ਆਪਣੇ ਯਾਰ ਦੀ ਯਾਦ ਨੂੰ ਸਦੀਵੀਂ ਕਰਨ ਲਈ ਇਹ ਨਿਰਾਲਾ ਕਾਰਜ ਕਰਨ ਲਈ ਪਹਿਲਕਦਮੀ ਕਰ ਰਿਹਾ ਹੈ।

ਡਾ. ਬੀਐੱਸ ਘੁੰਮਣ ਨੇ ਕਿਹਾ ਕਿ ਪੰਜਾਬ ਹਿਤੈਸ਼ੀ ਜੇਕਰ ਇਸੇ ਤਰ੍ਹਾਂ ਸਾਡੀ ਪਿੱਠ 'ਤੇ ਆਣ ਖੜ੍ਹਨ ਤਾਂ ਇਹ ਯੂਨੀਵਰਸਿਟੀਆਂ ਸਮੁੱਚੇ ਪੰਜਾਬ ਵਿਚਲੇ ਗਵਾਚੇ ਖੇੜੇ ਨੂੰ ਪੁਨਰ ਸੁਰਜੀਤ ਕਰਨ ਵਿਚ ਕੇਂਦਰੀ ਭੂਮਿਕਾ ਅਦਾ ਕਰ ਸਕਦੀਆਂ ਹਨ।

ਅੱਜ ਪੁਸਤਕ ਮੇਲੇ ਦੇ ਨਾਲ-ਨਾਲ ਹੋ ਰਹੇ ਸਾਹਿਤ ਸੰਮੇਲਨ ਵਿਚ ਪ੍ਰਸਿੱਧ ਪੰਜਾਬੀ ਫਿਲਮੀ ਕਲਾਕਾਰ ਰਣਬੀਰ ਰਾਣਾ ਨੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਅੱਜ ਦੂਸਰੇ ਦਿਨ ਵਿਚ ਹਜ਼ਾਰਾਂ ਪੁਸਤਕਾਂ ਦੀ ਖ਼ਰੀਦ ਹੋਈ ਅਤੇ ਪੂਰਾ ਦਿਨ ਮੇਲਾ ਖਚਾਖਚ ਭਰਿਆ ਰਿਹਾ।