ਨਵਦੀਪ ਢੀਂਗਰਾ, ਪਟਿਆਲਾ : ਨੇੜਲੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ 'ਚੋਂ 100 ਸਾਲਾ ਪੁਰਾਤਨ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਮਿੰਨੀ ਸਰੂਪ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਦੋਸ਼ੀਆਂ ਖਿਲਾਫ਼ ਸ਼ਖਤ ਕਾਰਵਾਈ ਲਈ ਅੱਜ ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਸਮੁੱਚੇ ਐੱਸਜੀਪੀਸੀ ਮੈਂਬਰਾਂ ਨੇ ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਅਤੇ ਐੱਸਐੱਸਪੀ ਵਿਕਰਮਜੀਤ ਸਿੰਘ ਦੁੱਗਲ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਕੋਲੋਂ ਦੋਸ਼ੀਆਂ ਨੂੰ ਤੁਰੰਤ ਗਿ੍ਫਤਾਰ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਰੱਖੜਾ ਨੇ ਆਖਿਆ ਕਿ ਇਹ ਬੇਹੱਦ ਮੰਦਭਾਗਾ ਮਾਮਲਾ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਅੱਜ ਐੱਸਜੀਪੀਸੀ ਦੇ ਵਫ਼ਦ ਨੇ ਸਾਰੇ ਪਹਿਲੂਆਂ ਨੂੰ ਆਈਜੀ ਅਤੇ ਐੱਸਐੱਸਪੀ ਪਟਿਆਲਾ ਸਾਹਮਣੇ ਰੱਖਿਆ। ਉਨ੍ਹਾਂ ਆਖਿਆ ਕਿ ਇਸ ਮੌਕੇ ਆਈਜੀ ਅਤੇ ਐੱਸਐੱਸਪੀ ਦੋਵਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਹ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।

ਰੱਖੜਾ ਨੇ ਆਖਿਆ ਕਿ ਪਟਿਆਲਾ ਪੁਲਿਸ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਸਾਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਦੋਸ਼ੀ ਜਲਦ ਹੀ ਸਾਹਮਣੇ ਆ ਜਾਣਗੇ। ਉਨ੍ਹਾਂ ਆਖਿਆ ਕਿ ਪਟਿਆਲਾ ਪੁਲਿਸ ਤੋਂ ਬਿਨਾਂ ਐੱਸਜੀਪੀਸੀ ਇਸ ਸਮੁੱਚੇ ਮਾਮਲੇ ਦੀ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਤਕ ਛੇਤੀ ਪਹੁੰਚਿਆ ਜਾ ਸਕੇ। ਉਨ੍ਹਾਂ ਆਖਿਆ ਕਿ ਐੱਸਜੀਪੀਸੀ ਤੇ ਸਾਡੇ ਵਿਦਵਾਨਾਂ ਦੀ ਟੀਮ ਵੀ ਹਰ ਗੱਲ ਨੂੰ ਲੈ ਕੇ ਜਾਂਚ ਕਰ ਰਹੀ ਹੈ ਤੇ ਮਾਮਲੇ ਨੂੰ ਭੜਕਾਉਣਾ ਨਹੀਂ ਚਾਹੀਦਾ। ਇਸ ਮੌਕੇ ਐੱਸਜੀਪੀਸੀ ਦੇ ਕਾਰਜਕਾਰੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਕੁਲਦੀਪ ਸਿੰਘ ਨੱਸੂਪੁਰ, ਸੁਰਜੀਤ ਸਿੰਘ ਗੜ੍ਹੀ ਦੋਵੇਂ ਐੱਸਜੀਪੀਸੀ ਮੈਂਬਰ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ, ਰਘਵੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਸਮਾਣਾ, ਰਣਧੀਰ ਸਿੰਘ, ਜੋਰਾ ਸਿੰਘ ਸਰਪੰਚ, ਗੁਰਿੰਦਰਪਾਲ ਸਿੰਘ, ਸਤਗੁਰੂ ਸਿੰਘ ਤੇ ਪਰਵੀਨ ਸਿੰਘ ਆਦਿ ਹਾਜ਼ਰ ਸਨ।